ਮੋਹਾਲੀ, ਮੀਡੀਆ ਬਿਊਰੋ:
ਮੋਹਾਲੀ ਪੀਸੀਆਰ ’ਚ ਤਾਇਨਾਤ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਨੂੰ ਉਸ ਦੇ ਵਿਭਾਗ ਦੇ ਐੱਸਐੱਚਓ ਸਿਟੀ ਖਰਡ਼ ਸਤਿੰਦਰ ਸਿੰਘ ਨੇ ਟੈਕਸੀ ਕਾਰ ਚਾਲਕ ਤੋਂ 200 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਸਿਪਾਹੀ ਹਰਪ੍ਰੀਤ ਸਿੰਘ ਖ਼ਿਲਾਫ਼ ਸਿਟੀ ਖਰਡ਼ ਥਾਣੇ ’ਚ ਪ੍ਰਿਵੈਂਸ਼ਨ ਆਫ ਕ੍ਰਪਸ਼ਨ ਐਕਟ-1988 ਦੀ ਧਾਰਾ(7) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਖਰਡ਼ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਐੱਸਐੱਚਓ ਸਿਟੀ ਖਰਡ਼ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਿਪਾਹੀ ਹਰਪ੍ਰੀਤ ਸਿੰਘ ਮੋਹਾਲੀ ਪੀਸੀਆਰ ’ਚ ਤਾਇਨਾਤ ਹੈ ਤੇ ਮਾਡਰਨ ਵੈਲੀ ਪਿੰਡ ਖਾਨਪੁਰ ਖਰਡ਼ ’ਚ ਰਹਿੰਦਾ ਹੈ।
ਨਾਜਾਇਜ਼ ਨਾਕਾਬੰਦੀ ਕਰ ਕੇ ਵਾਹਨਾਂ ਨੂੰ ਕਰ ਰਿਹਾ ਸੀ ਚੈੱਕ
ਪੁਲਿਸ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਪਾਹੀ ਹਰਪ੍ਰੀਤ ਸਿੰਘ ਮੋਹਾਲੀ ’ਚ ਪੋਸਟਿਡ ਹੈ ਜੋਕਿ ਪੀਸੀਆਰ ’ਤੇ ਪੈਟਰੋਲਿੰਗ ਡਿਊਟੀ ਕਰਦਾ ਹੈ। ਬੀਤੀ ਰਾਤ ਸਿਪਾਹੀ ਹਰਪ੍ਰੀਤ ਸਿੰਘ ਵਰਦੀ ਪਹਿਨ ਕੇ ਖਾਨਪੁਰ ਚੌਕ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੇ ਕਾਗ਼ਜ਼ਾਤ ਚੈੱਕ ਕਰ ਰਿਹਾ ਸੀ। ਉਸੇ ਦੌਰਾਨ ਉਸ ਨੇ ਇਕ ਟੈਕਸੀ ਚਾਲਕ ਨੂੰ ਰੋਕਿਆ ਤੇ ਉਸ ਦੀਆਂ ਕਮੀਆਂ ਗਿਣਾ ਕੇ ਉਸ ਨੂੰ ਕਾਨੂੰਨ ਦਾ ਪਾਠ ਪਡ਼੍ਹਾਉਣ ਲੱਗਾ। ਇਸੇ ਦੌਰਾਨ ਉਸ ਨੇ ਕਾਰ ਚਾਲਕ ਨੂੰ ਛੱਡਣ ਲਈ ਉਸ ਤੋਂ 200 ਰੁਪਏ ਦੀ ਰਿਸ਼ਵਤ ਮੰਗੀ ਤੇ ਉਸ ਤੋਂ 200 ਰੁਪਏ ਲੈ ਲਏ। ਇਸ ਵਾਰਦਾਤ ਦੀ ਕਿਸੇ ਰਾਹਗੀਰ ਨੇ ਵੀਡੀਓ ਬਣਾ ਕੇ ਐਂਟੀ ਕ੍ਰਪਸ਼ਨ ਹੈਲਪਲਾਈਨ ਨੰਬਰ ’ਤੇ ਇਸ ਦੀ ਸ਼ਿਕਾਇਤ ਕਰ ਦਿੱਤੀ।
ਐੱਸਐੱਚਓ ਕੋਲ ਪਹੁੰਚੀ ਵੀਡੀਓ ਤਾਂ ਹੋਈ ਕਾਰਵਾਈ
200 ਰੁਪਏ ਰਿਸ਼ਵਤ ਲੈਣ ਦੀ ਸ਼ਿਕਾਇਤ ਐਂਟੀ ਕ੍ਰਪਸ਼ਨ ਹੈਲਪਲਾਈਨ ਨੰਬਰ ’ਤੇ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਐੱਸਐੱਚਓ ਸਿਟੀ ਖਰਡ਼ ਸਤਿੰਦਰ ਸਿੰਘ ਦੀ ਡਿਊਟੀ ਲਗਾਈ ਗਈ। ਐੱਸਐੱਚਓ ਨੂੰ ਵਾਇਰਲ ਵੀਡੀਓ ਵੀ ਭੇਜੀ। ਜਦੋਂ ਉਨ੍ਹਾਂ ਆਪਣੇ ਥਾਣੇ ’ਚ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਮੁਲਜ਼ਮ ਉਨ੍ਹਾਂ ਦੇ ਥਾਣੇ ਦਾ ਨਹੀਂ ਹੈ। ਉਨ੍ਹਾਂ ਮੌਕੇ ’ਤੇ ਜਾ ਕੇ ਜਦੋਂ ਜਾਂਚ ਕੀਤੀ ਤਾਂ ਸਿਪਾਹੀ ਹਰਪ੍ਰੀਤ ਸਿੰਘ ਆਪਣੀ ਗੱਡੀ ’ਚ ਬੈਠਾ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਮੋਹਾਲੀ ਪੀਸੀਆਰ ’ਚ ਤਾਇਨਾਤ ਹੈ। ਖਰਡ਼ ਸਿਟੀ ਪੁਲਿਸ ਨੇ ਹਰਪ੍ਰੀਤ ਖ਼ਿਲਾਫ਼ ਐਂਟੀ ਕ੍ਰਪਸ਼ਨ ਹੈਲਪਲਾਈਨ ਨੰਬਰ ’ਤੇ ਆਈ ਸ਼ਿਕਾਇਤ ਤੇ ਮੌਕੇ ’ਤੇ ਬਣੀ ਵੀਡੀਓ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।