ਸੰਗਰੂਰ, ਮੀਡੀਆ ਬਿਊਰੋ:
ਪੰਜਾਬ ਪੁਲਿਸ ਕਾਂਸਟੇਬਲ ਭਰਤੀ 2016 ਤੋਂ ਲਗਾਤਾਰ ਨਿਯੁਕਤੀ ਦੀ ਉਡੀਕ ਕਰ ਰਹੇ ਸੈਂਕੜੇ ਉਮੀਦਵਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਨੇੜੇ ਪੱਕਾ ਮੋਰਚਾ ਲਗਾ ਲਿਆ ਹੈ। ਅੱਠ ਉਮੀਦਵਾਰ ਅੱਸੀ ਫੁੱਟ ਉੱਚੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਹਨ, ਜਿਨ੍ਹਾਂ ਵਿੱਚ ਤਿੰਨ ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਹਨ। ਸੋਮਵਾਰ ਨੂੰ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿੱਚ ਮੀਟਿੰਗ ਤੈਅ ਕੀਤੀ ਗਈ ਸੀ, ਜਿਸ ਤਹਿਤ ਸੋਮਵਾਰ ਨੂੰ ਉਕਤ ਨੌਜਵਾਨ ਮੀਟਿੰਗ ਲਈ ਗਏ ਸਨ ਪਰ ਮੁੱਖ ਮੰਤਰੀ ਨੇ ਮੀਟਿੰਗ ਨਹੀਂ ਕੀਤੀ। ਇਸ ਤੋਂ ਗੁੱਸੇ ‘ਚ ਆਏ ਨੌਜਵਾਨਾਂ ਨੇ ਮੰਗਲਵਾਰ ਸਵੇਰੇ ਹੀ ਸੰਗਰੂਰ ਦੇ ਨਨਕੀਆਣਾ ਚੌਕ ‘ਚ ਸੜਕ ਜਾਮ ਕਰ ਦਿੱਤੀ ਅਤੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਬਾਕੀ ਸਾਥੀਆਂ ਨੇ ਟੈਂਕੀ ਥੱਲੇ ਹੀ ਪੱਕਾ ਧਰਨਾ ਸ਼ੁਰੂ ਕਰ ਦਿੱਤਾ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਅੱਜ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਦੌਰਾਨ ਕੋਈ ਸਪੱਸ਼ਟ ਜਵਾਬ ਨਾ ਮਿਲਿਆ ਤਾਂ ਇੱਥੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਰਮਿਆਨ ਸ਼ਹਿਰ ਵਿੱਚ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ।
ਵਰਨਣਯੋਗ ਹੈ ਕਿ ਪੰਜਾਬ ਪੁਲਿਸ ਭਰਤੀ 2016 ਦੇ ਉਮੀਦਵਾਰ ਗੁਰਸੇਵਕ ਸਿੰਘ, ਪੰਜਾਬ ਦੇ ਕਾਰਕੁਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲਿਸ ‘ਚ 7416 ਕਾਂਸਟੇਬਲਾਂ ਦੀ ਭਰਤੀ ਕੱਢੀ ਗਈ ਸੀ। ਇਸ ਦਾ ਨਤੀਜਾ ਅਕਤੂਬਰ 2016 ‘ਚ ਐਲਾਨਿਆ ਗਿਆ ਸੀ। ਇਸ ਦੌਰਾਨ ਕੁਝ ਬਿਨੈਕਾਰਾਂ ਨੂੰ ਦਾਖਲਾ ਦਿੱਤਾ ਗਿਆ ਪਰ ਵੱਡੀ ਗਿਣਤੀ ਬਿਨੈਕਾਰਾਂ ਨੂੰ ਉਡੀਕ ਸੂਚੀ ‘ਚ ਰੱਖਿਆ ਗਿਆ। ਸਾਲ 2017 ਦੌਰਾਨ ਕੁਝ ਬਿਨੈਕਾਰਾਂ ਨੂੰ ਵੈਰੀਫਿਕੇਸ਼ਨ ਲਈ ਬੁਲਾਇਆ ਗਿਆ ਸੀ ਪਰ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਮੀਦਵਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕੀਤੀ, ਜਿੱਥੇ ਹਾਈ ਕੋਰਟ ਨੇ ਜੁਲਾਈ 2021 ‘ਚ ਫੈਸਲਾ ਸੁਣਾਇਆ ਸੀ, ਪਰ ਪੰਜਾਬ ਪੁਲਿਸ ਹੈੱਡਕੁਆਰਟਰ ਵੱਲੋਂ ਪਿਛਲੇ ਭਰਤੀ ਦੇ ਹੁਕਮਾਂ ਤੋਂ ਬਾਅਦ ਵੀ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ 2016 ਦੀ ਵੇਟਿੰਗ ਲਿਸਟ ਅਤੇ ਵੈਰੀਫਿਕੇਸ਼ਨ ਨੂੰ ਕਲੀਅਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਚੋਣਾਂ ਤੋਂ ਬਾਅਦ ਸਰਕਾਰ ਬਣਦੀ ਹੈ ਤਾਂ ਉਨ੍ਹਾਂ ਦੀ ਮੰਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ, ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਹ ਉਨ੍ਹਾਂ ਨੂੰ ਮਿਲਣ ਤੋਂ ਵੀ ਮੂੰਹ ਮੋੜ ਰਹੇ ਹਨ। ਮੰਗਲਵਾਰ ਨੂੰ ਜਥੇਬੰਦੀ ਦੇ ਤਿੰਨ ਮੈਂਬਰਾਂ ਦਾ ਵਫ਼ਦ ਮੁੜ ਚੰਡੀਗੜ੍ਹ ਰਵਾਨਾ ਹੋਇਆ। ਜੇਕਰ ਅੱਜ ਵੀ ਮੀਟਿੰਗ ਵਿੱਚ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਗੁਰਦਿਆਲ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ, ਨਰਿੰਦਰ ਕੌਰ, ਕੁਲਦੀਪ ਸਿੰਘ, ਪੰਕਜ ਬੇਦੀ, ਜਗਦੀਪ ਸਿੰਘ, ਗੁਰਮੇਲ ਸਿੰਘ, ਨਵਰੀਤ ਕੌਰ, ਕੋਮਲ ਸਿੰਘ ਆਦਿ ਹਾਜ਼ਰ ਸਨ।