ਪਟਿਆਲਾ, ਮੀਡੀਆ ਬਿਊਰੋ:
ਨੇੜਲੇ ਪਿੰਡ ਬਜੀਦਪੁਰ ਦੇ ਸਰਪੰਚ ਤੇ ਪੁਲਸ ਮੁਲਾਜ਼ਮ ਵੱਲੋਂ ਥੱਪੜ ਮਾਰਨ ਦੇ ਦੋਸ਼ ਲਾਉਂਦਿਆਂ ਪਿੰਡ ਵਾਸੀਆਂ ਨੇ ਸੰਗਰੂਰ ਰੋਡ ਤੇ ਧਰਨਾ ਦੇ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਪਿੰਡ ਵਾਸੀਆਂ ਦਾ ਧਰਨਾ ਜਾਰੀ ਰਿਹਾ ਜਿਸ ਕਰਕੇ ਆਵਾਜਾਈ ਵੀ ਠੱਪ ਹੋ ਗਈ।
ਧਰਨੇ ਵਿਚ ਸ਼ਾਮਲ ਪਿੰਡ ਵਾਸੀਆਂ ਨੇ ਦੱਸਿਆ ਕਿ ਸੰਗਰੂਰ ਰੋਡ ਤੇ ਇਕ ਅਣਪਛਾਤਾ ਵਾਹਨ ਪਿੰਡ ਦੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਗਿਆ। ਜਿਸ ਤੇ ਸਰਪੰਚ ਮਲਕੀਤ ਸਿੰਘ ਅਤੇ ਉਸ ਦੇ ਭਰਾ ਪੁਰਾਣੇ ਵਾਹਨਾਂ ਦਾ ਪਿੱਛਾ ਕਰਦਿਆਂ ਇਕ ਟਰੱਕ ਚਾਲਕ ਨੂੰ ਰੋਕ ਲਿਆ। ਪੁੱਛ ਪੜਤਾਲ ਕਰਨ ਤੇ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਕਿਸੇ ਬੱਸ ਵੱਲੋਂ ਟੱਕਰ ਮਾਰਨ ਦੀ ਗੱਲ ਕਹੀ ਅਤੇ ਦੋਵਾਂ ਧਿਰਾਂ ਵਿਚ ਬਹਿਸ ਹੋ ਗਈ। ਇਸੇ ਦੌਰਾਨ ਹੀ ਪੀਸੀਆਰ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ। ਮਲਕੀਤ ਸਿੰਘ ਦਾ ਦੋਸ਼ ਹੈ ਕਿ ਪੀਸੀਆਰ ਮੁਲਾਜ਼ਮ ਵਿੱਚ ਮੌਜੂਦ ਏ ਐੱਸ ਆਈ ਨੇ ਕੋਈ ਗੱਲ ਪੁੱਛੇ ਅਤੇ ਸੁਣੇ ਬਿਨਾਂ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਅਤੇ ਦੋਵਾਂ ਭਰਾਵਾਂ ਨੂੰ ਧੱਕੇ ਨਾਲ ਮੈਂ ਆਪਣੀ ਗੱਡੀ ਵਿੱਚ ਬਿਠਾ ਲਿਆ। ਜਦੋਂ ਮੁਲਾਜ਼ਮਾਂ ਨੂੰ ਮਲਕੀਤ ਸਿੰਘ ਦੇ ਸਰਪੰਚ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਛੱਡ ਦਿੱਤਾ। ਪੁਲੀਸ ਵੱਲੋਂ ਕੀਤੀ ਇਸ ਬਦਸਲੂਕੀ ਦਾ ਪਤਾ ਲੱਗਦਿਆਂ ਪਿੰਡ ਬਜੀਦਪੁਰ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਸੰਗਰੂਰ ਰੋਡ ਤੇ ਜਾਮ ਲਾ ਦਿੱਤਾ ਗਿਆ।