ਚੰਡੀਗੜ੍ਹ, ਮੀਡੀਆ ਬਿਊਰੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ 'ਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਰੈਲੀ ਰੱਦ ਕਰ ਦਿੱਤੀ ਗਈ ਹੈ। ਉਂਝ, ਮੀਂਹ ਵਿਚਾਲੇ ਭਾਜਪਾ ਆਗੂ ਸਵੇਰ ਤੋਂ ਹੀ ਰੈਲੀ ਵਾਲੀ ਥਾਂ ’ਤੇ ਪੁੱਜਣੇ ਸ਼ੁਰੂ ਹੋ ਗਏ ਸਨ। ਪ੍ਰਧਾਨ ਮੰਤਰੀ ਹਵਾਈ ਜਹਾਜ਼ ਰਾਹੀਂ ਬਠਿੰਡਾ ਪੁੱਜੇ। ਇੱਥੇ ਪੰਜਾਬ ਸਰਕਾਰ ਦੀ ਤਰਫੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇੱਥੋਂ ਉਹ ਬਰਸਾਤ ਕਾਰਨ ਸੜਕ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਹੈਲੀਕਾਪਟਰ ਰਾਹੀਂ ਬਠਿੰਡਾ ਹਵਾਈ ਅੱਡੇ 'ਤੇ ਪਹੁੰਚਣਾ ਸੀ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਟੇਕ ਆਫ ਨਹੀਂ ਹੋ ਸਕਿਆ। ਇਸ ਕਾਰਨ ਮੌਕੇ ’ਤੇ ਹੀ ਉਨ੍ਹਾਂ ਲਈ ਸੜਕੀ ਮਾਰਗ ਦਾ ਪ੍ਰਬੰਧ ਕੀਤਾ ਗਿਆ। ਰਸਤੇ 'ਚ ਕੁਝ ਲੋਕਾਂ ਨੇ ਸੜਕ ਜਾਮ ਕਰ ਦਿੱਤੀ। ਇਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਮੀ ਮੰਨਦਿਆਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।
ਏਐਨਆਈ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ ਬਠਿੰਡਾ ਪੁੱਜੇ, ਜਿੱਥੋਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦ ਸਮਾਰਕ ‘ਤੇ ਜਾਣਾ ਸੀ, ਪਰ ਮੀਂਹ ਅਤੇ ਖ਼ਰਾਬ ਦਿੱਖ ਕਾਰਨ ਪੀਐਮ ਨੇ ਮੌਸਮ ਸਾਫ਼ ਹੋਣ ਦਾ ਕਰੀਬ 20 ਮਿੰਟ ਇੰਤਜ਼ਾਰ ਕੀਤਾ। ਜਦੋਂ ਮੌਸਮ ‘ਚ ਸੁਧਾਰ ਨਾ ਹੋਇਆ ਤਾਂ ਫੈਸਲਾ ਕੀਤਾ ਗਿਆ ਕਿ ਉਹ ਸੜਕੀ ਰਸਤੇ ਨੈਸ਼ਨਲ ਮੈਰੀਟੋਰੀਅਸ ਮੈਮੋਰੀਅਲ ਦਾ ਦੌਰਾ ਕਰਨਗੇ, ਜਿਸ ਵਿਚ 2 ਘੰਟੇ ਤੋਂ ਵੱਧ ਸਮਾਂ ਲੱਗੇਗਾ। ਡੀਜੀਪੀ ਪੰਜਾਬ ਪੁਲਿਸ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਉਹ ਸੜਕ ਰਾਹੀਂ ਯਾਤਰਾ ਲਈ ਰਵਾਨਾ ਹੋ ਗਏ।
ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਦੂਰ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇਕ ਫਲਾਈਓਵਰ ‘ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ। ਪ੍ਰਧਾਨ ਮੰਤਰੀ 15-20 ਮਿੰਟ ਤਕ ਫਲਾਈਓਵਰ ‘ਤੇ ਫਸੇ ਰਹੇ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸੀ। ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਤੇ ਯਾਤਰਾ ਯੋਜਨਾਵਾਂ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਇਸ ਸੁਰੱਖਿਆ ਕੁਤਾਹੀ ਤੋਂ ਬਾਅਦ ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਜਾਣ ਦਾ ਫੈਸਲਾ ਕੀਤਾ ਗਿਆ। ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦਾ ਕਹਿਣਾ ਹੈ ਕਿ ਉਹ ਸੁਰੱਖਿਆ ਦੀ ਇਸ ਗੰਭੀਰ ਕਮੀ ਦਾ ਨੋਟਿਸ ਲੈ ਰਿਹਾ ਹੈ ਅਤੇ ਸੂਬਾ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਸੂਬਾ ਸਰਕਾਰ ਨੂੰ ਵੀ ਇਸ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਰੈਲੀ ਦਾ ਮੰਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਕੜਾ ਬਣਾਉਣ ਲਈ ਭਾਜਪਾ ਦਾ ਸਾਥ ਜ਼ਰੂਰੀ ਹੈ। ਪੰਜਾਬ ਦੀ ਜਨਤਾ ਨੂੰ ਕਾਂਗਰਸ ਗੁੰਮਰਾਹ ਕਰ ਰਹੀ ਹੈ। ਗੁਆਂਢੀ ਮੁਲਕਾਂ ਦੀ ਵੀ ਦੇਸ਼ ‘ਤੇ ਮਾੜੀ ਨਜ਼ਰ ਹੈ।