ਸੰਤ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ
ਨਵੀਂ ਦਿੱਲੀ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਵੱਡੇ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਮਨਜਿੰਦਰ ਸਿੰਘ ਸਿਰਸਾ ਸਣੇ ਸੰਤ ਬਲਬੀਰ ਸਿੰਘ ਸੀਚੇਵਾਲ, ਪਟਨਾ ਸਾਹਿਬ ਦੇ ਜਥੇਦਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਹਜ਼ੂਰ ਸਾਹਿਬ ਕਮੇਟੀ ਦੇ ਜੱਥੇਦਾਰ ਤੇ ਹੋਰ ਸਿੱਖ ਸੰਸਥਾਵਾਂ ਦੇ ਆਗੂ ਮੌਜੂਦ ਸਨ। ਇਸ ਦੌਰਾਨ ਸਿੱਖ ਆਗੂਆਂ ਨੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਵੀ ਕੀਤਾ ਗਿਆ।
ਪੰਜਾਬ ਵਿਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਪੀਐਮ ਮੋਦੀ ਦੀ ਕੱਲ੍ਹ ਹੀ ਪੰਜਾਬ ਦੀ 3 ਦਿਨਾਂ ਫੇਰੀ ਖਤਮ ਹੋਈ ਸੀ। ਇਸ ਦੌਰਾਨ ਸਿੱਖ ਭਾਈਚਾਰੇ ਦੇ ਵੱਡੇ ਆਗੂਆਂ ਦਾ ਉਨ੍ਹਾਂ ਦੀ ਰਿਹਾਇਸ਼ ਤੇ ਜਾਣਾ ਤੇ ਮੁਲਾਕਾਤ ਕਰਨ ਦੇ ਡੂੰਘੇ ਅਰਥ ਕੱਢੇ ਜਾ ਰਹੇ ਹਨ।
ਦੱਸ ਦੇਈਏ ਕਿ ਪੰਜਾਬ ਵਿਚ ਡੇਰਾਵਾਦ ਦਾ ਕਾਫੀ ਪ੍ਰਭਾਵ ਹੈ। ਇਨ੍ਹੀਂ ਦਿਨੀਂ ਡੇਰਾ ਸੱਚਾ ਸੌਦਾ, ਡੇਰਾ ਬੱਲਾਂ, ਡੇਰਾ ਰਾਧਾ ਸੁਆਮੀ ਬਿਆਸ ’ਤੇ ਵੱਖ ਵੱਖ ਪਾਰਟੀਆਂ ਦੇ ਵੱਡੇ ਲੀਡਰਾਂ ਦਾ ਜਾਣਾ ਵੀ ਸਿਆਸਤ ਨੂੰ ਕਾਫੀ ਗਰਮਾ ਰਿਹਾ ਹੈ। ਜਿਸ ਤਰ੍ਹਾਂ ਪੰਜਾਬ ਵਿਚ ਇਨ੍ਹਾਂ ਡੇਰਿਆਂ ਦਾ ਪ੍ਰਭਾਵ ਹੈ ਉਸੇ ਤਰ੍ਹਾਂ ਵੱਖ ਵੱਖ ਸਿੱਖ ਆਗੂਆਂ ਖਾਸ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਵਾਤਾਵਰਨ ਪ੍ਰੇਮੀ ਹਨ, ਦਾ ਕਾਫੀ ਅਸਰ ਰਸੂਖ ਹੈ। ਇਸੇ ਤਰ੍ਹਾਂ ਵੱਖ ਵੱਖ ਤਖਤਾਂ ਦੇ ਜਥੇਦਾਰ ਤੇ ਸੰਤ ਸਮਾਜ ਦੇ ਲੋਕਾਂ ਨਾਲ ਪੀਐਮ ਦੀ ਮੁਲਾਕਾਤ ਕਾਫੀ ਅਰਥ ਭਰਪੂਰ ਜਾਪਦੀ ਹੈ।