ਚੰਡੀਗੜ੍ਹ, ਮੀਡੀਆ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਦੀ ਰੈਲੀ ਸੁਰੱਖਿਆ ਵਿਚ ਢਿੱਲ ਕਾਰਨ ਰੱਦ ਕਰਨੀ ਪਈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦਾ ਕਾਫਲਾ ਇਕ ਫਲਾਈਓਵਰ ‘ਤੇ 15-20 ਮਿੰਟ ਤਕ ਰੁਕਿਆ ਰਿਹਾ। ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਕੁਤਾਹੀ ਬਾਰੇ ਰਿਪੋਰਟ ਮੰਗੀ ਹੈ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਅਤੇ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ‘ਤੇ ਪ੍ਰੋਗਰਾਮ ‘ਚ ਰੁਕਾਵਟ ਪਾਉਣ ਦਾ ਦੋਸ਼ ਲਾਇਆ
CM ਚੰਨੀ ਨੇ ਫ਼ੋਨ ‘ਤੇ ਗੱਲ ਕਰਨ ਤੋਂ ਕੀਤਾ ਇਨਕਾਰ: ਨੱਡਾ
ਜੇਪੀ ਨੱਡਾ ਨੇ ਟਵੀਟ ਕੀਤਾ, “ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦੀ ਫੇਰੀ ਵਿਚ ਰੁਕਾਵਟ ਆਈ, ਪਰ ਅਸੀਂ ਅਜਿਹੀ ਘਟੀਆ ਮਾਨਸਿਕਤਾ ਨੂੰ ਪੰਜਾਬ ਦੀ ਤਰੱਕੀ ਅਤੇ ਪੰਜਾਬ ਦੇ ਵਿਕਾਸ ਵਿਚ ਰੁਕਾਵਟ ਨਹੀਂ ਬਣਨ ਦੇਵਾਂਗੇ।” ਸੂਬਾ ਪੁਲਿਸ ਨੂੰ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲਿਸ ਦੀ ਮਨਮਾਨੀ ਤੇ ਧਰਨਾਕਾਰੀਆਂ ਦੀ ਮਿਲੀਭੁਗਤ ਕਾਰਨ ਵੱਡੀ ਗਿਣਤੀ ਵਿਚ ਬੱਸਾਂ ਜਾਮ ਹੋ ਗਈਆਂ। ਮੁੱਖ ਮੰਤਰੀ ਚੰਨੀ ਨੇ ਮਾਮਲੇ ਦਾ ਨੋਟਿਸ ਲੈਣ ਜਾਂ ਇਸ ਦੇ ਹੱਲ ਲਈ ਫ਼ੋਨ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਜੋ ਕੋਝੇ ਹੱਥਕੰਡੇ ਵਰਤੇ ਗਏ ਹਨ, ਉਹ ਲੋਕਤੰਤਰੀ ਸਿਧਾਂਤਾਂ ਵਿਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਠੇਸ ਪਹੁੰਚਾਉਣਗੇ।
ਪੰਜਾਬ ਦੀ ਕਾਂਗਰਸ ਸਰਕਾਰ ਵਿਕਾਸ ਵਿਰੋਧੀ : ਨੱਡਾ
ਨੱਡਾ ਨੇ ਵੀ ਟਵੀਟ ਕਰਕੇ ਕਿਹਾ, ‘ਵੋਟਰਾਂ ਦੇ ਹੱਥੋਂ ਕਰਾਰੀ ਹਾਰ ਦੇ ਡਰੋਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮਾਂ ਨੂੰ ਨਾਕਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਅਜਿਹਾ ਕਰਦਿਆਂ ਉਨ੍ਹਾਂ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਪ੍ਰਧਾਨ ਮੰਤਰੀ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਵੱਡੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ। ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੀਆਂ ਘਟੀਆ ਹਰਕਤਾਂ ਕਰਕੇ ਦਿਖਾ ਦਿੱਤਾ ਹੈ ਕਿ ਉਹ ਵਿਕਾਸ ਵਿਰੋਧੀ ਹਨ ਤੇ ਆਜ਼ਾਦੀ ਘੁਲਾਟੀਆਂ ਦਾ ਵੀ ਕੋਈ ਸਤਿਕਾਰ ਨਹੀਂ ਕਰਦੇ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਘਟਨਾ ਪੀਐਮ ਮੋਦੀ ਦੀ ਸੁਰੱਖਿਆ ਵਿਚ ਇਕ ਵੱਡੀ ਕਮੀ ਸੀ। ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰਸਤੇ ਵਿਚ ਜਾਣ ਦਿੱਤਾ ਗਿਆ, ਜਦਕਿ ਕਾਂਗਰਸ ਤੇ ਪੰਜਾਬ ਦੇ ਡੀਜੀਪੀ ਨੇ ਐਸਪੀਜੀ ਨੂੰ ਰਸਤਾ ਸਾਫ਼ ਹੋਣ ਦਾ ਭਰੋਸਾ ਦਿੱਤਾ।