ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਹੋਸਟਨ ਦੇ ਹਵਾਈ ਅੱਡੇ ਉਪਰ ਜਹਾਜ਼ ਜਿਸ ਵਿਚ 20 ਤੋਂ ਵਧ ਯਾਤਰੀ ਸਵਾਰ ਸਨ, ਹਾਦਸਾਗ੍ਰਸਤ ਹੋ ਗਿਆ ਤੇ ਉਸ ਨੂੰ ਅੱਗ ਲੱਗ ਗਈ ਪਰੰਤੂ ਦੋ ਯਾਤਰੀ ਮਾਮੂਲੀ ਜ਼ਖਮੀ ਹੋਣ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ ਤੇ ਉਹ ਵਾਲ ਵਾਲ ਬਚ ਗਏ। ਸਥਾਨਕ ਅਧਿਕਾਰੀਆਂ ਨੇੇ ਕਿਹਾ ਹੈ ਕਿ ਮੈਕਡੋਨਲ ਡੌਗਲਸ-87 ਜਹਾਜ਼ ਨੂੰ ਲੱਗੀ ਅੱਗ ਉਪਰ ਕਾਬੂ ਪਾਉਣ ਤੋਂ ਪਹਿਲਾਂ ਹੀ ਸਾਰੇ ਯਾਤਰੀ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਬਾਹਰ ਆ ਗਏ। ਦੋ ਯਾਤਰੀ ਮਾਮੂਲੀ ਜ਼ਖਮੀ ਹੋਏ ਹਨ ਜਿਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਟੈਕਸਾਸ ਦੇ ਜਨਤਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਸਾਰਜੈਂਟ ਸਟੀਫਨ ਵੁੱਡਰਡ ਨੇ ਮੌਕੇ ਉਪਰ ਪੁੱਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਵਾਈ ਅੱਡੇ ਉਪਰ ਤਕਰਬੀਨ 500 ਫੁੱਟ ਦੌੜਨ ਤੋਂ ਬਾਅਦ ਪੱਟੜੀ ਦੇ ਅੰਤ ਵਿਚ ਜਹਾਜ਼ ਉਡਾਨ ਨਹੀਂ ਭਰ ਸਕਿਆ ਤੇ ਉਹ ਨਿਯੰਤਰਣ ਤੋਂ ਬਾਹਰ ਹੋ ਕੇ ਖੇਤਾਂ ਵਿਚ ਜਾ ਵੜਿਆ। ਉਪਰੰਤ ਉਸ ਨੂੰ ਅੱਗ ਲੱਗ ਗਈ। ਜਹਾਜ਼ ਵਿਚ 18 ਯਾਤਰੀ, ਦੋ ਪਾਇਲਟ ਤੇ ਇਕ ਹੋਰ ਮੁਲਾਜ਼ਮ ਸਵਾਰ ਸੀ। ਜਹਾਜ਼ ਨੇ ਬੋਸਟਨ ਜਾਣਾ ਸੀ। ਵੁੱਡਰਡ ਨੇ ਕਿਹਾ ਕਿ ਅਸਲ ਵਿਚ ਇਹ ਚੰਗਾ ਦਿਨ ਸੀ ਕਿਉਂਕਿ ਭਿਆਨਕ ਹਾਦਸਾ ਹੋਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਜਾਂਚ ਕੀਤੀ ਜਾਵੇਗੀ।