ਚੰਡੀਗੜ੍ਹ (ਮੀਡੀਆ ਬਿਊਰੋ)- ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਰਾਸ਼ਨ ਡਿਪੂਆਂ ‘ਤੇ ਮਨਾਏ ਜਾ ਰਹੇ ਅੰਨਪੂਰਨਾ ਉਤਸਵ ਦੌਰਾਨ ਮੁਫ਼ਤ ਕਣਕ ਦੇ ਨਾਲ ਦਿੱਤੀਆਂ ਜਾ ਰਹੀਆਂ ਬੋਰੀਆਂ ‘ਤੇ ਛਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀਆਂ ਤਸਵੀਰਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨਾਂ ਨੇ ਵਿਰੋਧ ਕਰਦੇ ਹੋਏ ਉਕਤ ਆਗੂਆਂ ਦੇ ਪੁਤਲੇ ਸਾੜੇ।
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਜ਼ਿਲ੍ਹਾ ਪ੍ਰਧਾਨ ਆਜ਼ਾਦ ਪਾਲਵਾਂ ਦੀ ਅਗਵਾਈ ਵਿਚ ਕਿਸਾਨਾਂ ਨੇ ਸਬ-ਡਿਵੀਜ਼ਨਲ ਦਫ਼ਤਰ ਦੇ ਬਾਹਰ ਪੁਤਲੇ ਸਾੜੇ। ਕਿਸਾਨਾਂ ਨੇ ਪ੍ਰਧਾਨ, ਡੀ. ਐੱਸ. ਪੀ. ਜਤਿੰਦਰ ਕੁਮਾਰ ਨੂੰ ਮੰਗ ਪੱਤਰ ਸੌਂਪਦਿਆਂ ਬੋਰੀਆਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।
ਪਾਲਵਾਂ ਨੇ ਕਿਹਾ ਕਿ ਥੈਲਾ ਦਿੱਤਾ ਜਾ ਰਿਹਾ ਹੈ, ਉਸ ਦੀ ਕੀਮਤ ਲੱਗਭਗ 112 ਰੁਪਏ ਦੱਸੀ ਜਾ ਰਹੀ ਹੈ।ਸਰਕਾਰ ਜਨਤਾ ਦੇ ਪੈਸਿਆਂ ਦੀ ਬਰਬਾਦੀ ਇਸ ਤਰ੍ਹਾਂ ਦੇ ਖ਼ੁਦ ਦੇ ਪ੍ਰਚਾਰ ਲਈ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੇਕਰ ਗਰੀਬ ਆਦਮੀ ਦੇ ਭਲੇ ਲਈ ਹੈ ਤਾਂ ਜੋ ਕਣਕ ਦੇ ਰਹੀ ਹੈ, ਉਸ ਨੂੰ ਦੁੱਗਣਾ ਕਰ ਕੇ ਦੇਵੇ ਤਾਂ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚ ਜੋ ਗਰੀਬ ਵਰਗ ‘ਤੇ ਮਾਰ ਕੰਮ-ਧੰਦੇ ਬੰਦ ਹੋਣ ਨਾਲ ਪਈ ਹੈ, ਉਸ ਤੋਂ ਕੁਝ ਰਾਹਤ ਮਿਲੇ।