ਸਕੂਲ ਜਿਨਸੀ ਮਾਮਲੇ ‘ਚ ਜਾਂਚ ਲਈ ਫੋਰੈਂਸਿਕ ਨੂੰ ਭੇਜੀ ਫੋਟੋ ਅਤੇ ਵੀਡੀਓ

ਮਾਮਲੇ ਨੂੰ ਲੈ ਕੇ ਆਇਆ ਵੱਡਾ ਖੁਲਾਸਾ

ਨੰਗਲ, ਮੀਡੀਆ ਬਿਊਰੋ:

ਪਿੰਡ ਨਾਨਗਰਾਂ ’ਚ ਨਿੱਜੀ ਸਕੂਲ ਦੇ ਸੰਚਾਲਕ ਵੱਲੋਂ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਮਾਮਲੇ ’ਚ ਬੀਤੀ 23 ਫਰਵਰੀ ਨੂੰ ਕੇਸ ਦਰਜ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਤੇ ਇਸ ਘਟਨਾ ਦੀ ਜਾਣਕਾਰੀ ਜਨਤਕ ਕੀਤੀ ਹੈ। ਪੰਜ ਦਿਨ ਬਾਅਦ ਜਾ ਕੇ ਪ੍ਰੈੱਸ ਕਾਨਫਰੰਸ ’ਚ ਇਹ ਸਪਸ਼ਟ ਹੋ ਸਕਿਆ ਹੈ ਕਿ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਲ 2010 ਦਾ ਯਾਨੀ 12 ਸਾਲ ਪੁਰਾਣਾ ਹੈ। ਹਾਲੇ ਤਕ ਸਾਹਮਣੇ ਆਏ ਫੋਟੋ ਤੇ ਵੀਡੀਓ ਬਣਾਉਣ ਦੀ ਤਰੀਕ ਦਾ ਪਤਾ ਨਹੀਂ ਲੱਗ ਸਕਿਆ ਹੈ, ਇਸ ਲਈ ਫੋਟੋ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਡੀਐੱਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਧੀਮਾਨ ਤੋਂ ਰਿਮਾਂਡ ਦੌਰਾਨ ਮਿਲੀ ਜਾਣਕਾਰੀ ਤੋਂ ਬਾਅਦ ਨਾਨਗਰਾਂ ਪਿੰਡ ਦੇ ਸ਼ਿਵ ਕੁਮਾਰ ਨੂੰ ਸ਼ਨਿਚਰਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾ ਚੁੱਕੀ ਹੈ। ਅੰਮ੍ਰਿਤਪਾਲ ਧੀਮਾਨ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋ ਚੁੱਕਾ ਹੈ। ਹੁਣ ਰਿਮਾਂਡ ਵਧਾਉਣ ਲਈ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਉੱਥੇ, ਉਸਦੇ ਦੋਸਤ ਸ਼ਿਵ ਕੁਮਾਰ ਤੋਂ ਪੁੱਛਗਿੱਛ ਲਈ ਉਸ ਦਾ ਪੁਲਿਸ ਰਿਮਾਂਡ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਦੇ ਮੋਬਾਈਲ ਫੋਨ ਤੇ ਫੋਟੋ ਅਤੇ ਵੀਡੀਓ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।

ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ’ਚ 19 ਫੋਟੋ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ’ਚ ਤਿੰਨ ਚਾਰ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨਸੀ ਸ਼ੋਸ਼ਣ ਦੀਆਂ ਪੀਡ਼ਤ ਵਿਦਿਆਰਥਣਾਂ ਦੀ ਗਿਣਤੀ ਫਿਲਹਾਲ ਦੋ ਹੈ, ਜੋ ਪੁਲਿਸ ਦੇ ਸੰਪਰਕ ’ਚ ਹਨ। ਜਲਦੀ ਹੀ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਇਹ ਪੁੱਛਣ ’ਤੇ ਕਿ ਇਸ ਜਿਨਸੀ ਸ਼ੋਸ਼ਣ ਕਾਂਡ ’ਚ ਸਿਆਸਤਦਾਨਾਂ ਦੇ ਨਾਂ ਵੀ ਚਰਚਾ ’ਚ ਆ ਰਹੇ ਹਨ, ਇਸ ’ਤੇ ਡੀਐੱਸਪੀ ਨੇ ਕਿਹਾ ਕਿ ਹਾਲੇ ਤਕ ਅਜਿਹਾ ਕੁਝ ਨਹੀਂ ਹੈ। ਡੀਐੱਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਐੱਸਆਈਟੀ ਨੇ ਮਾਮਲੇ ਦੀ ਜਾਂਚ ਸ਼ੁਰੂੁ ਕਰ ਦਿੱਤੀ ਹੈ।

ਫੋਟੋ ਤੇ ਵੀਡੀਓ ਵਾਇਰਲ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ

ਡੀਐੱਸਪੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਜਿਨਸੀ ਸ਼ੋਸ਼ਣ ਮਾਮਲੇ ਨਾਲ ਸਬੰਧਤ ਫੋਟੋ ਜਾਂ ਵੀਡੀਓ ਵਾਇਰਲ ਕੀਤੇ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਫੋਟੋ ਵਾਇਰਲ ਕਰਨ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਚੁੱਕਾ ਹੈ। ਜਿਨਸੀ ਸ਼ੋਸ਼ਣ ਦੇ ਫੋਟੋ ਵਾਇਰਲ ਕਰਨਾ ਕਾਨੂੰਨੀ ਜੁਰਮ ਹੈ।

ਚੋਣਾਂ ਵੇਲੇ ਉੱਠਦਾ ਸੀ ਮਾਮਲਾ, ਫਿਰ ਦਬ ਜਾਂਦਾ ਸੀ

ਇਹ ਪੁੱਛਣ ’ਤੇ ਕਿ ਇਹ ਮਾਮਲਾ 12 ਸਾਲ ਪੁਰਾਣਾ ਹੋਣ ਦੇ ਬਾਵਜੂਦ ਹਾਲੇ ਤਕ ਪੁਲਿਸ ਤਕ ਕਿਉਂ ਨਹੀਂ ਪੁੱਜਾ, ਇਸ ’ਤੇ ਡੀਐੱਸਪੀ ਨੇ ਕਿਹਾ ਕਿ ਹੁਣ ਤਕ ਕੀਤੀ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਚੋਣਾਂ ਦੌਰਾਨ ਤਾਂ ਉੱਠਦਾ ਸੀ, ਉਸ ਤੋਂ ਬਾਅਦ ਦਬ ਜਾਂਦਾ ਸੀ। ਇਸ ਮਾਮਲੇ ਨੂੰ ਬਲੈਕਮੇਲਿੰਗ ਨਾਲ ਵੀ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਉਸ ਪਹਿਲੂ ਤੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਹੌਲੀ-ਹੌਲੀ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ।

Share This :

Leave a Reply