ਲੋਕ ਨਹੀਂ ਪਾਰਟੀ ਵਿਧਾਇਕ ਤੈਅ ਕਰਨਗੇ ਮੁੱਖ ਮੰਤਰੀ : ਗ੍ਰਹਿ ਮੰਤਰੀ ਰੰਧਾਵਾ

ਚੰਡੀਗੜ੍ਹ, ਮੀਡੀਆ ਬਿਊਰੋ:

ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਨਵਜੋਤ ਸਿੱਧੂ ਦੇ ਪੰਜਾਬ ਮਾਡਲ ਦੀ ਫੂਕ ਕੱਢਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਕਾਂਗਰਸੀ ਮਾਡਲ ਤਹਿਤ ਲੜ੍ਹੀਆਂ ਜਾਣਗੀਆਂ। ਜੇਕਰ ਕਿਸੇ ਵਿਅਕਤੀ ਦਾ ਨਿੱਜੀ ਏਜੰਡਾ ਹੈ ਤਾਂ ਉਹ ਆਪਣਾ ਏਜੰਡਾ ਜਾਂ ਸੁਝਾਅ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਨੂੰ ਸੌਂਪ ਸਕਦਾ ਹੈ। ਰੰਧਾਵਾਂ ਨੇ ਇਹ ਵੀ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਲੋਕ ਨਹੀਂ ਵਿਧਾਇਕ ਚੁਣਨਗੇ ਕਿਉਂਕਿ ਸਿੱਧੂ ਖੁਦ ਕਹਿੰਦਾ ਆ ਰਿਹਾ ਕਿ ਵਿਧਾਇਕ ਆਪਣੇ ਹਲਕੇ ਦੇ ਦੋ ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਚੇਤੇ ਰਹੇ ਕਿ ਬੀਤੇ ਕੱਲ੍ਹ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਮਾਡਲ ਦਾ ਖਾਕਾ ਪੇਸ਼ ਕਰਦਿਆਂ ਸੂਬੇ ਦਾ ਮੁੱਖ ਮੰਤਰੀ ਲੋਕਾਂ ਦੁਆਰਾ ਚੁਣੇ ਜਾਣ ਦੀ ਗੱਲ ਕਹੀ ਸੀ।ਰੰਧਾਵਾਂ ਨੇ ਵਰਚੂਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਬਾਕੀਆਂ ’ਚ ਉਹ ਵੀ ਦੋਸ਼ੀ ਹਨ, ਕਿਉਂਕਿ ਉਸ ਸਮੇਂ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਨ, ਤੇ ਬੋਲੇ ਸੋ ਨਿਹਾਲ ਦਾ ਜੈਕਾਰੇ ਵੀ ਲਗਾਏ ਸਨ। ਰੰਧਾਵਾਂ ਨੇ ਬਿਕਰਮ ਮਜੀਠੀਆ ਦੀ ਦੇਖ ਲੈਣ ਦੀ ਧਮਕੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ, ਕਿਉਂਕਿ ਉਨ੍ਹਾਂ ਦੀਆਂ ਰਗਾਂ ਵਿਚ ਗੱਦਾਰਾਂ ਵਾਲਾ ਨਹੀਂ ਦੇਸ਼ ਭਗਤਾਂ ਵਾਲਾ ਖੂਨ ਦੌੜ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਅਦਾਲਤ ਤੋਂ ਪੇਸ਼ਗੀ ਜਮਾਨਤ ਮਿਲੀ ਹੈ, ਇਸ ਵਿਚ ਉਨ੍ਹਾਂ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ, ਜ਼ਮਾਨਤ ਤਾਂ ਗੈਂਗਸਟਰਾਂ, ਬਦਮਾਸ਼ਾਂ ਜਾਂ ਹੋਰਨਾਂ ਨੂੰ ਵੀ ਮਿਲ ਜਾਂਦੀ ਹੈ ਪਰ ਡਰੱਗ ਦੀ ਲੱਗੀ ਤੋਹਮਤ ਖ਼ਤਮ ਹੋਣ ਵਾਲੀ ਨਹੀਂ ਹੈ। ਮਜੀਠੀਆ ਵੱਲੋਂ ਰੂਪੋਸ਼ ਹੋਣ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪਤਾ ਹੋਣ ਦੇ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਰੰਧਾਵਾਂ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੇ ਨਹੁੰ ਮਾਸ ਦਾ ਰਿਸ਼ਤਾ ਸਾਫ਼ ਹੋ ਗਿਆ ਹੈ। ਮਜੀਠੀਆ ਨੂੰ ਭਾਜਪਾ ਨੇ ਪਨਾਹ ਦਿੱਤੀ ਹੋਈ ਸੀ ਤਾਂ ਹੀ ਉਹ ਹਰਿਆਣਾ ਰਾਹੀਂ ਨਾਢਾ ਸਾਹਿਬ ਗਏ ਹਨ।

ਗਿਆਰਾਂ ਪੁਲਿਸ ਅਧਿਕਾਰੀਆਂ ਨੂੰ ਫਰਜ਼ੀ ਦਸਤਖ਼ਤਾਂ ਰਾਹੀਂ ਤਰੱਕੀ ਦੇਣ ਦੇ ਮਾਮਲੇ ਵਿਚ ਰੰਧਾਵਾ ਨੇ ਕਿਹਾ ਕਿ ਡੀਜੀਪੀ ਵੱਲੋਂ ਮਾਮਲਾ ਧਿਆਨ ਵਿਚ ਲਿਆਉਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸੇ ਤਰ੍ਹਾਂ ਡੀ.ਐੱਸ.ਪੀ ਦੀਆਂ ਬਦਲੀਆਂ ਸਰਕਾਰ ਨਹੀਂ ਵਿਭਾਗ ਪੱਧਰ ’ਤੇ ਹੁੰਦੀਆਂ ਹਨ।ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਲੱਗ ਰਹੇ ਦੋਸ਼ਾਂ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਟ ਦਾ ਫੈਸਲਾ ਐੱਸਪੀਜੀ ਤੈਅ ਕਰਦੀ ਅਤੇ ਪ੍ਰਧਾਨ ਮੰਤਰੀ ਦੀ ਗੱਡੀ ਦੇ ਨੇੜੇ ਕਿਸਾਨ ਨਹੀਂ ਭਾਜਪਾ ਦੇ ਵਰਕਰ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ।

ਪੰਜਾਬ ਦਾ ਹੈਲਥ ਸਿਸਟਮ ਦਿੱਲੀ ਤੋਂ ਬਿਹਤਰਰੰਧਾਵਾਂ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਤੇ ਪੱਤਰਕਾਰਾਂ ਨੂੰ ਆਪਣੇ ਨਾਲ ਲਿਜਾ ਕੇ ਦਿੱਲੀ ਮਾਡਲ ਦਿਖਾਉਣ ਦੀ ਗੱਲ ਕਹੀ। ਦਿੱਲੀ ’ਚ ਸ਼ਰਾਬ ਦੇ ਸਰਕਾਰੀ ਠੇਕੇ ਸਨ ਅਤੇ ਉਹ ਲੋਕਾਂ ਨੂੰ ਦੱਸਣ ਕਿਉਂ ਮਿਲੀਭੁਗਤ ਨਾਲ ਪ੍ਰਾਈਵੇਟ ਹੱਥਾਂ ਵਿਚ ਸੌਂਪੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹੈਲਥ ਸਿਸਟਮ ਦਿੱਲੀ ਨਾਲ ਬਿਹਤਰ ਹੈ, ਦਿੱਲੀ ਸਰਕਾਰ ਨੇ ਤਾਂ ਆਪਣਾ ਇਕ ਵਿਧਾਇਕ ਵੀ ਕੋਰੋਨਾ ’ਚ ਗੁਆ ਲਿਆ ਸੀ।

Share This :

Leave a Reply