
ਭਵਾਨੀਗੜ੍ਹ, ਮੀਡੀਆ ਬਿਊਰੋ:
ਇੱਕ ਪਾਸੇ ਚੰਨੀ ਸਰਕਾਰ ਪੇਂਡੂ ਖੇਤਰਾਂ ‘ਚ ਵਸਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰੰਤੂ ਦੂਜੇ ਪਾਸੇ ਨੇੜਲੇ ਪਿੰਡ ਨਰੈਣਗੜ੍ਹ ‘ਚ ਪਿਛਲੇ ਕਾਫੀ ਦਿਨਾਂ ਤੋਂ ਵਾਟਰ ਸਪਲਾਈ ਦੀ ਮੋਟਰ ਖਰਾਬ ਹੋਣ ਕਾਰਨ ਇਲਾਕੇ ਦੇ ਤਿੰਨ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਜਿਸ ਦੇ ਰੋਸ ਵਜੋਂ ਅੱਜ ਇਕੱਤਰ ਹੋਏ ਗਰੀਬ ਵਰਗ ਦੇ ਲੋਕਾਂ ਨੇ ਜੰਮਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਪਿੰਡ ਵਾਸੀ ਗੁਰਦੇਵ ਸਿੰਘ, ਮੁਕੰਦ ਸਿੰਘ ਤੇ ਸੁੰਦਰੀ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਦੀ ਅਣਗਹਿਲੀ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪੈਂਦਾ ਹੈ। ਪਿੰਡ ‘ਚ ਪਾਣੀ ਵਾਲੀ ਟੈਂਕੀ ਦੀ ਮੋਟਰ ਅਕਸਰ ਖਰਾਬ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਲੋਕ ਆਪਣੇ ਪੱਧਰ ‘ਤੇ ਪੈਸੇ ਇਕੱਤਰ ਕਰ ਕੇ ਕਈ ਵਾਰ ਮੋਟਰ ਚਾਲੂ ਕਰਵਾ ਚੁੱਕੇ ਹਨ ਤੇ ਹੁਣ ਪਿਛਲੇ 10 ਦਿਨਾਂ ਤੋਂ ਮੋਟਰ ਖਰਾਬ ਹੋਣ ਕਾਰਨ ਉਨ੍ਹਾਂ ਦੇ ਪਿੰਡ ਨਰੈਣਗੜ੍ਹ ਸਮੇਤ ਰਾਮਗੜ੍ਹ ਤੇ ਕਾਹਨਗੜ੍ਹ ਦੇ ਲੋਕ ਪੀਣ ਵਾਲੇ ਪਾਣੀ ਤੋਂ ਮੁਹਤਾਜ ਹੋ ਗਏ ਹਨ। ਲੋਕਾਂ ਨੇ ਆਖਿਆ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗਰੀਬ ਵਰਗ ਦੇ ਲੋਕਾਂ ਨੂੰ ਆਸ ਬੱਝੀ ਸੀ ਕਿ ਉਨ੍ਹਾਂ ਦੇ ਵਰਗ ਦੀ ਹੁਣ ਸਰਕਾਰੀ ਦੁਆਰੇ ਸੁਣਵਾਈ ਹੋਵੇਗੀ ਪਰੰਤੂ ਉਨ੍ਹਾਂ ਦੇ ਹਲਕੇ ਦੇ ਮੰਤਰੀ ਉਨ੍ਹਾਂ ਦਾ ਫੋਨ ਤੱਕ ਸੁਣਨਾ ਵੀ ਮੁਨਾਸਿਬ ਨਹੀੰ ਸਮਝਦੇ। ਲੋਕਾਂ ਨੇ ਕਿਹਾ ਕਿ ਇਸ ਤੋੰ ਪਹਿਲਾਂ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਹੜੱਪ ਕਰ ਲਿਆ ਗਿਆ ਅਤੇ ਹੁਣ ਇਹ ਸਰਕਾਰ ਵੀ ਨਿਕੰਮੀ ਸਾਬਿਤ ਹੋਈ ਹੈ। ਲੋਕਾਂ ਨੇ ਦੱਸਿਆ ਕਿ ਲੋਕ
ਆਂਢ-ਗੁਆਂਢ ਜਾਂ ਕਿਸੇ ਮੰਦਿਰ ਗੁਰਦੁਆਰੇ ‘ਚੋੰ ਪਾਣੀ ਭਰ ਕੇ ਡੰਗ ਟਪਾ ਰਹੇ ਹਨ। ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋੰ ਪਾਣੀ ਦੀ ਸਮੱਸਿਆ ਦਾ ਹੱਲ ਜਲਦ ਕਰਨ ਦੀ ਮੰਗ ਕੀਤੀ ਹੈ।
ਤਕਨੀਕੀ ਨੁਕਸ ਪੈਣ ਕਾਰਨ ਸਮੱਸਿਆ ਆਈ : ਜੇਈ
ਓਧਰ, ਦੂਜੇ ਪਾਸੇ ਜਦੋਂ ਵਿਭਾਗ ਦੇ ਜੇਈ ਬਿੱਕਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਚਲਦੀ ਮੋਟਰ ਬੋਰ ‘ਚ ਡਿੱਗਣ ਕਾਰਨ ਲੋਕਾਂ ਨੂੰ ਪਾਣੀ ਦੀ ਸਮੱਸਿਆ ਝੱਲਣੀ ਪੈ ਰਹੀ ਹੈ। ਜਿਸ ਕਾਰਨ ਹਫਤੇ ਤੋੰ ਪਾਣੀ ਸਪਲਾਈ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਬੋਰ ‘ਚੋਂ ਫਸੀ ਮੋਟਰ ਨੂੰ ਕੱਢਣ ਲਈ ਵੱਡੀ ਮਸ਼ੀਨ ਮੰਗਵਾਈ ਗਈ ਹੈ ਜਲਦ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।