ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੈਪਟਨ ਦੇ ਅਸਤੀਫ਼ੇ ਮਗਰੋਂ ਚਰਚਾ ਛਿੜੀ ਕਿ ਹੁਣ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ ਅਤੇ ਇਹ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ? ਨਵੇਂ ਮੁੱਖ ਮੰਤਰੀ ਅਤੇ ਕੈਪਟਨ ਅਮਰਿੰਦਰ ਨੂੰ ਲੈ ਕੇ ਅਜਿਹੀਆਂ ਕਈ ਡਿਬੇਟਾਂ ਮੀਡੀਆ ਵਿੱਚ ਹੋਣ ਲੱਗੀਆਂ। ਟੀਵੀ ਚੈਨਲਾਂ ਵਾਲਿਆਂ ਨੂੰ ਬਗੈਰ ਬਰੂਦ ਤੋਂ ਵੱਡੇ-ਵੱਡੇ ਬਲਾਸਟ ਕਰਨ ਦਾ ਮੌਕਾ ਮਿਲ ਗਿਆ। “ਬ੍ਰੇਕਿੰਗ ਤੋਂ ਲੈ ਕੇ ਵੱਡੀਆਂ ਖ਼ਬਰਾਂ ਤਕ” ਭੜਕਾਊ ਹੈੱਡਲਾਈਨ ਚਲਾਈਆਂ ਗਈਆਂ। ਪਰ ਸਵਾਲ ਇਹ ਸੀ ਕਿ ਕੀ ਇਨ੍ਹਾਂ ਭੜਕਾਊ ਖ਼ਬਰਾਂ ਨਾਲ ਪੰਜਾਬ ਦੇ ਲੋਕਾਂ ਨੂੰ ਮਿਲਿਆ , ਨਵਾਂ ਸੀਐਮ? ਪੰਜਾਬ ਨੂੰ ਆਖ਼ਿਰ ਕੀ ਚਾਹੀਦਾ ਸੀ, ਉਹਦੇ ਬਾਰੇ ਕਿਸੇ ਵੀ ਪੰਜਾਬੀ ਤੋਂ ਇਲਾਵਾ ਨੈਸ਼ਨਲ, ਇੰਟਰ-ਨੈਸ਼ਨਲ ਚੈਨਲ ਨੇ ਚਰਚਾ ਨਹੀਂ ਕੀਤੀ।
ਕਿਸੇ ਵੀ ਮੀਡੀਆ ਅਦਾਰੇ ਨੇ ਇਹ ਚਰਚਾ ਵੀ ਨਹੀਂ ਕੀਤੀ ਕਿ ਨਵਾਂ ਸੀਐਮ ਪੰਜਾਬ ਨੂੰ ਮਿਲੇਗਾ ਤਾਂ ਪੰਜਾਬ ਦੇ ਲੋਕਾਂ ਨੂੰ ਆਖ਼ਰ ਇਹ ਸੀਐਮ ਕੀ ਦੇਵੇਗਾ? ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਹਨ, ਅਤੇ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਮਜ਼ਦੂਰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੜਕਾਂ ਟੌਲ ਪਲਾਜ਼ੇ ਜਾਮ ਕਰੀ ਬੈਠੇ ਹਨ, ਪਰ ਸਰਕਾਰ ਦੇ ਵੱਲੋਂ ਉਨ੍ਹਾਂ ਦੀ ਗੱਲ ਨੂੰ ਸੁਣਿਆ ਨਹੀਂ ਜਾ ਰਿਹਾ। ਬੇਰੁਜ਼ਗਾਰਾਂ ‘ਤੇ ਰੋਜ਼ਾਨਾ ਹੀ ਕੈਪਟਨ ਅਮਰਿੰਦਰ ਦੇ ਸ਼ਹਿਰ ਪਟਿਆਲੇ ਤੋਂ ਇਲਾਵਾ ਹੋਰਨਾਂ ਕਈ ਸ਼ਹਿਰਾਂ ਦੇ ਵਿੱਚ ਲਾਠੀਚਾਰਜ ਹੋ ਰਹੇ ਹਨ। ਕੱਚੇ ਅਧਿਆਪਕਾਂ, ਕੱਚੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਪੱਕਾ ਨਹੀਂ ਕੀਤਾ ਜਾ ਰਿਹਾ।
ਵਿਦਿਆਰਥੀਆਂ ਨੂੰ ਦਿੱਤੇ ਗਏ ਸਕਾਲਰਸ਼ਿਪ ਅਤੇ ਹੋਰ ਕਈ ਸਹੂਲਤਾਂ ਨੂੰ ਸਰਕਾਰ ਦੇ ਮੰਤਰੀਆਂ ਵੱਲੋਂ ਹੜੱਪਿਆ ਜਾ ਰਿਹਾ ਹੈ, ਪਰ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਨਾ ਹੀ ਸਰਕਾਰਾਂ ਦੇ ਵੱਲੋਂ ਇਹਦੇ ‘ਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਸਾਡੇ ਪੰਜਾਬ ਦੇ ਲੋਕ ਖੁੱਲ੍ਹ ਕੇ ਇਸ ਵਿਰੁੱਧ ਬੋਲ ਰਹੇ ਹਨ। ਪੰਜਾਬ ਦੀ ਭੀੜ ਨੂੰ ਤਾਂ ਇਸ ਵੇਲੇ ਨਵੇਂ ਸੀਐਮ ਬਣਾਉਣ ਦੀ ਅੱਗ ਲੱਗੀ ਹੋਈ ਹੈ। ਬੇਸ਼ੱਕ ਕੱਲ੍ਹ 19 ਸਤੰਬਰ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ, ਪਰ ਸਵਾਲ ਇਹ ਹੈ ਕਿ ਨਵਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਆਖਿਰ ਦੇਵੇਗਾ ਕੀ? ਕਿਉਂਕਿ ਚੋਣਾਂ ਦੇ ਵਿੱਚ ਕਰੀਬ ਤਿੰਨ-ਚਾਰ ਮਹੀਨੇ ਬਚੇ ਹਨ। ਤਿੰਨ-ਚਾਰ ਮਹੀਨਿਆਂ ਬਾਅਦ ਪੰਜਾਬ ਦੇ ਅੰਦਰ ਚੋਣ ਜ਼ਾਬਤਾ ਲੱਗ ਜਾਣਾ ਹੈ, ਜਿਹੜਾ ਕੈਪਟਨ ਅਮਰਿੰਦਰ ਸਿੰਘ ਪੌਣੇ ਪੰਜ ਸਾਲਾਂ ਦੇ ਵਿੱਚ ਪੰਜਾਬ ਲਈ ਕੱਖ ਨਹੀਂ ਕਰ ਸਕਿਆ, ਉਹ ਨਵਾਂ ਮੁੱਖ ਮੰਤਰੀ ਕੀ ਕਰੇਗਾ? ਇਹ ਪੰਜਾਬ ਦਾ ਉਜਾੜਾ ਨਹੀਂ ਤਾਂ ਹੋਰ ਕੀ ਹੈ?
ਪੰਜਾਬ ਦੇ ਉਜਾੜੇ ਲਈ ਕੋਈ ਬਾਹਰੋਂ ਆ ਕੇ ਪੰਜਾਬ ਨੂੰ ਢਾਹ ਨਹੀਂ ਲਾ ਰਿਹਾ, ਪੰਜਾਬ ਦੇ ਅੰਦਰ ਬੈਠੇ ਲੋਕ ਹੀ ਪੰਜਾਬ ਨੂੰ ਲੁੱਟ ਕੇ ਖਾ ਰਹੇ ਹਨ। ਪੰਜਾਬ ਦੇ ਲੋਕਾਂ ਦੀਆਂ ਹੱਕੀ ਮੰਗਾਂ ਦੇ ਵੱਲ ਨਾ ਤਾਂ ਕੈਪਟਨ ਅਮਰਿੰਦਰ ਨੇ ਧਿਆਨ ਦਿੱਤਾ, ਨਾ ਹੀ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਧਿਆਨ ਦਿੱਤਾ ਅਤੇ ਨਾ ਹੀ ਲੱਗਦਾ ਹੈ ਕਿ ਨਵਾਂ ਮੁੱਖ ਮੰਤਰੀ ਚਰਨਜੀਤ ਚੰਨੀ ਧਿਆਨ ਦੇਵੇਗਾ। ਦੂਜੇ ਪਾਸੇ ਫਾਸੀਵਾਦੀ ਸਰਕਾਰ ਭਾਜਪਾ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਜਾਣਾ ਕੋਈ ਬਹੁਤਾ ਵਧੀਆ ਨਹੀਂ, ਕਿ ਪੰਜਾਬ ਦਾ ਭਲਾ “ਅਸੀਂ” ਹੀ ਕਰ ਸਕਦੇ ਹਾਂ।
ਜਦੋਂਕਿ ਇਨ੍ਹਾਂ ਭਾਜਪਾਈਆਂ ਦੇ ਕੋਲੋਂ ਤਾਂ ਯੂਪੀ ਗੁਜਰਾਤ ਨਹੀਂ ਸੰਭਾਲਿਆ ਜਾ ਰਿਹਾ, ਉੱਥੇ ਰੋਜ਼ਾਨਾ ਦੰਗੇ ਹੋ ਰਹੇ ਹਨ, ਬਲਾਤਕਾਰ ਹੋ ਰਹੇ ਹਨ, ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲਤਾੜਿਆ ਜਾ ਰਿਹਾ ਹੈ। ਪਰ ਇੱਥੇ ਵੇਖਿਆ ਜਾਵੇ ਤਾਂ ਭਾਜਪਾ ਨੂੰ ਇੱਕ ਮੌਕਾ ਮਿਲ ਗਿਆ ਹੈ ਕਿ ਉਹ ਕੈਪਟਨ ਅਮਰਿੰਦਰ ਅਤੇ ਹੋਰਨਾਂ ਵੱਡੇ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਪੰਜਾਬ ਦੇ ਅੰਦਰ ਇਕ ਨਵਾਂ ਮਾਹੌਲ ਬਣਾ ਸਕਦੀ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਕੀ? ਪੰਜਾਬ ਦੇ ਅੰਦਰ ਇਸ ਵੇਲੇ ਵੱਡੀ ਗਿਣਤੀ ਵਿਚ ਅਪਰਾਧ ਹੋ ਰਹੇ ਹਨ, ਵੱਡੇ ਵੱਡੇ ਲੀਡਰਾਂ ਉੱਤੇ ਦੋਸ਼ ਲੱਗ ਰਹੇ ਹਨ, ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਆਪਣੇ ਹੱਕਾਂ ਲਈ ਸੜਕਾਂ ‘ਤੇ ਹੈ ਪੰਜਾਬ ਦੇ ਇਤਿਹਾਸ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਵਿਸਾਰਿਆ ਜਾ ਰਿਹਾ ਹੈ, ਛੇਵੇਂ ਤਨਖਾਹ ਕਮਿਸ਼ਨ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਾਰ-ਵਾਰ ਸਰਕਾਰ ਵੱਲੋਂ ਲੌਲੀਪੌਪ ਦੇ ਕੇ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।
ਹੁਣ ਇਸੇ ਵਿੱਚ ਸਵਾਲ ਉੱਠਦਾ ਹੈ ਕਿ ਨਵਾਂ ਸੀਐਮ ਆਖਿਰ ਪੰਜਾਬ ਦੇ ਲੋਕਾਂ ਨੂੰ ਦੇਵੇਗਾ ਕੀ? ਹੱਕੀ ਮੰਗਾਂ ਲਈ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ‘ਤੇ ਰੋਜ਼ਾਨਾ ਹੀ ਸਰਕਾਰ ਵੱਲੋਂ ਲਾਠੀਚਾਰਜ ਅਤੇ ਉਹਨਾਂ ਉਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਹਨ, ਕੀ ਇਸ ਦੇ ਨਾਲ ਪੰਜਾਬ ਖੁਸ਼ਹਾਲ ਹੋ ਸਕੇਗਾ? ਹਾਕਮੋ, ਪੰਜਾਬ ਦੀ ਜਵਾਨੀ ਨੂੰ ਲਤਾੜ ਕੇ, ਪੰਜਾਬ ਦੇ ਲੋਕਾਂ ਨੂੰ ਕੁੱਟਮਾਰ ਕੇ ਤੁਸੀਂ ਰਾਜ ਗੱਦੀ ‘ਤੇ ਤਾਂ ਬੈਠ ਜਾਵੇਗੋ, ਪਰ ਜਵਾਨੀ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ। ਹੁਣ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਇਸ ਕਾਂਗਰਸ ਦੇ ਰੌਲੇ ਗੌਲੇ ਵਿੱਚ ਕੀ ਕਰੀ ਜਾ ਰਹੇ ਹਨ? ਕਿਉਂ ਨਵੇਂ ਸੀਐਮ ਦੀਆਂ ਚਰਚਾਵਾਂ ਕਰ ਰਹੇ ਹਨ? ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕ ਮੁੱਦਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ ਅਤੇ ਆਪਣੇ ਹੱਕੀ ਮੰਗਾਂ ਵਾਸਤੇ ਸੜਕਾਂ ‘ਤੇ ਉਤਰ ਕੇ ਸਰਕਾਰ ਦੀ ਸੰਘੀ ਵਿੱਚ ਨਹੁੰ ਦੇਣਾ ਚਾਹੀਦਾ ਹੈ।
ਗੁਰਪ੍ਰੀਤ