ਪੈਨਸ਼ਨਰਾਂ ਨੇ ਹੱਕੀਂ ਮੰਗਾਂ ਸਬੰਧੀ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੋਂ ਦੇ ਭੰਡਾਰੀ ਪਾਰਕ ਵਿਖੇ ਪੈਨਸ਼ਨਰ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਬਲਬੀਰ ਚੰਦ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਛੇਵੇਂ ਪੇ-ਕਮਿਸ਼ਨ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਜਾਰੀ ਨੋਟੀਫ਼ਿਕੇਸ਼ਨ ਨੂੰ ਅਧੂਰਾ ਤੇ ਲੰਗੜਾ ਕਰਾਰ ਦਿੱਤਾ। ਇਸ ਮੌਕੇ ਅਮਰਜੀਤ ਸਿੰਘ ਅਤੇ ਚੰਦਨ ਸਿੰਘ ਨੇਗੀ ਨੇ ਪੰਜਾਬ ਸਰਕਾਰ ਦੇ ਇਸ ਨੋਟੀਫ਼ਿਕੇਸ਼ਨ ਦੇ ਨਤੀਜੇ ਵਜੋਂ ਹਜ਼ਾਰਾਂ ਕਰੋੜ ਰੁਪਏ ਦਾ ਪੈਨਸ਼ਨਰਾਂ ਨੂੰ ਚੂਨਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਇਸ ਨੂੰ ਤੋਹਫ਼ੇ ਦਾ ਰੂਪ ਦਰਸਾ ਰਹੀ ਹੈ ਜੋ ਸਰਾਸਰ ਝੂਠ ਦਾ ਪੁਲੰਦਾ ਹੈ।

ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਲਾਕੇ ਦੇ ਵਿਧਾਇਕ, ਐਸ. ਡੀ. ਐਮ. ਅਤੇ ਡੀ. ਸੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਪਿ੍ਰੰਸੀਪਲ ਸਤੀਸ਼ ਦੂਆ ਨੇ ਕਿਹਾ ਕਿ ਸਰਕਾਰ ਨੇ ਮਹਿੰਗਾਈ ਭੱਤੇ ਦੀ ਜੋ ਚਿੱਠੀ ਜਾਰੀ ਕੀਤੀ ਹੈ। ਉਸ ਵਿਚ ਪੈਨਸ਼ਨਰਾਂ ਨੂੰ ਅਣਗੌਲਿਆ ਕੀਤਾ ਗਿਆ ਹੈ, ਇਸੇ ਤਰ੍ਹਾਂ ਮੈਡੀਕਲ ਭੱਤੇ ਸਬੰਧੀ ਵੀ ਕੋਈ ਜ਼ਿਕਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੈਨਸ਼ਨਰ 17 ਨਵੰਬਰ ਨੂੰ ਮੁਹਾਲੀ ਵਿਖੇ ਹੋ ਰਹੀ ਰੈਲੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਕੁਲਵੰਤ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਜਾਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਇਸ ਮੌਕੇ ਲਾਭ ਸਿੰਘ, ਅਜੀਤ ਸਿੰਘ, ਪਲਵਿੰਦਰ ਸਿੰਘ, ਅਸ਼ੋਕ ਕੁਮਾਰ, ਦਲਜੀਤ ਕੁਮਾਰ, ਜਤਿੰਦਰ ਸਿੰਘ, ਰਾਏ ਸਿੰਘ, ਰਾਮ ਸਰੂਪ, ਬਲਵੰਤ ਰਾਏ, ਚਰਨ ਸਿੰਘ ਭੱਟੀ, ਮਲਕੀਅਤ ਸਿੰਘ ਆਦਿ ਹਾਜ਼ਰ ਸਨ।

Share This :

Leave a Reply