ਚੰਡੀਗੜ੍ਹ (ਮੀਡੀਆ ਬਿਊਰੋ) ਸਿਹਤ ਵਿਭਾਗ ਦੇ ਯਤਨਾਂ ਸਦਕਾ ਪੰਜਾਬ ਦੇ ਿਗ ਅਨੁਪਾਤ (ਜਨਮ ਸਮੇਂ) ਵਿੱਚ ਜ਼ਿਕਰਯੋਗ ਸੁਧਾਰ ਹੋਇਆ ਹੈ । ਸਾਲ 2019 ਵਿੱਚ ਇਹ ਅੰਕੜਾ 909 ਸੀ ਜੋ ਕਿ 2020 ਵਿੱਚ ਵਧ ਕੇ 922 ਤੱਕ ਪਹੁੰਚ ਗਿਆ । ਸਟੇਟ ਐਪ੍ਰੋਪਰੀਏਟ ਅਥਾਰਟੀ ਨੂੰ ਸਹਾਇਤਾ ਅਤੇ ਸਲਾਹ ਦੇਣ ਅਤੇ ਗਰਭ ਧਾਰਨ ਕਰਨ ਤੋਂ ਪਹਿਲਾਂ ਅਤੇ ਪ੍ਰੀ- ਨੈਟਲ ਡਾਇਗਨਾਸਟਿਕ ਤਕਨੀਕਾਂ (ਲਿੰਗ ਨਿਰਧਾਰਣ ਮਨਾਹੀ ਸਬੰਧੀ) ਐਕਟ 1994 ਨੂੰ ਪੰਜਾਬ ਵਿੱਚ ਸਖਤੀ ਨਾਲ ਲਈ ਸੂਬਾ ਪੱਧਰੀ ਸਲਾਹਕਾਰ ਕਮੇਟੀ ਸਥਾਪਤ ਕੀਤੀ ਗਈ ਹੈ। ਇਸ ਐਕਟ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਵਿਭਾਗ ਦੇ ਡਾਇਰੈਕਟਰ ਡਾ: ਆਦੇਸ਼ ਕੰਗ ਦੀ ਅਗਵਾਈ ਵਿੱਚ ਸੂਬਾ ਪੱਧਰੀ ਸਲਾਹਕਾਰ ਕਮੇਟੀ (ਪੀ.ਸੀ-ਪੀ.ਐਨ.ਡੀ.ਟੀ.)ਦੀ ਮੀਟਿੰਗ ਕੀਤੀ ਗਈ।
ਉਨਾਂ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਪੀ.ਸੀ-ਪੀ.ਐਨ.ਡੀ.ਟੀ. ਐਕਟ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਡਿਕੋਯ ਆਪ੍ਰੇਸ਼ਨ (ਸਟਿੰਗ ਆਪ੍ਰੇਸ਼ਨ) ਵਰਗੇ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਸਕੈਨ ਸੈਂਟਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਰਾਜ ਸਿਹਤ ਅਧਿਕਾਰੀਆਂ ਵਲੋਂ ਜ਼ਿਲਾ ਐਪ੍ਰੋਪ੍ਰੀਏਟ ਅਥਾਰਟੀ ਰਾਹੀਂ ਬਾਕਾਇਦਾ ਜਾਂਚ ਕੀਤੀ ਜਾ ਰਹੀ ਹੈ। ਉਨਾਂ ਚੇਤਾਵਨੀ ਦਿੰਦਆ ਕਿਹਾ ਕਿ ਜੇਕਰ ਕੋਈ ਸਕੈਨ ਸੈਂਟਰ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਮੀਟਿੰਗ ਵਿੱਚ ਬੋਲਦਿਆਂ ਉਹਨਾਂ ਦੱਸਿਆ ਕਿ ਇਸ ਦਿਸ਼ਾ ਵਿੱਚ ਪੰਜਬ ਸਰਕਾਰ ਵਲੋਂ ਕਈ ਮਹੱਤਪੂਰਨ ਕਦਮ ਚੁੱਕੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਵੀ ਸਮੇਂ-ਸਮੇਂ ‘ਤੇ ਆਈ.ਈ.ਸੀ. ਦੀਆਂ ਨਿਯਮਤ ਗਤੀਵਿਧੀਆਂ ਰਾਹੀਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੜਕੀਆਂ ਪ੍ਰਤੀ ਪੱਖਪਾਤ ਵਾਲੇ ਰਵੱਈਏ ਨੂੰ ਠੱਲ ਪਾਈ ਜਾ ਸਕੇ ।
ਡਿਪਟੀ ਡਾਇਰੈਕਟਰ ਡਾ: ਵੀਨਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਐਕਟ ਬਾਰੇ ਵਿਸਤਾਰ ਨਾਲ ਦੱਸਦਿਆਂ ਐਕਟ ਦੀਆਂ ਧਾਰਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ। ਮੈਡੀਕਲ ਅਫਸਰ (ਪੀ.ਐਨ.ਡੀ.ਟੀ) ਡਾ: ਵਿਨੀਤ ਨਾਗਪਾਲ ਨੇ ਦੱਸਿਆ ਕਿ ਦਸੰਬਰ 2020 ਤੋਂ ਵਿਭਾਗ ਵੱਲੋਂ ਨਿਯੁਕਤ ਕੀਤੀ ਖੁਫੀਆ ਏਜੰਸੀ ਵੱਲੋਂ 5 ਸ਼ੱਕੀ ਸਕੈਨ ਸੈਂਟਰਾਂ ‘ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਇਨਾਂ ਸਾਰੇ ਮਾਮਲਿਆਂ ਵਿਚ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਵਿਭਾਗ ਨੇ ਇੱਕ ਫ੍ਰੀਲੈਂਸਰ ਖੁਫੀਆ ਏਜੰਸੀ ਤੋਂ ਮਦਦ ਲੈਣ ਦਾ ਪ੍ਰਸਤਾਵ ਵੀ ਦਿੱਤਾ ਜਿਸ ਨੂੰ ਮਾਨਯੋਗ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਸੀ ਤਾਂ ਜੋ ਰਾਜ ਵਿੱਚ ਗੈਰ- ਕਾਨੂੰਨੀ ਲਿੰਗ ਨਿਰਧਾਰਣ ਟੈਸਟਾਂ ਨੂੰ ਰੋਕਣ ਲਈ ਸਟਿੰਗ ਆਪ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਮੀਟਿੰਗ ਵਿੱਚ ਡਾ: ਧਰਮਪਾਲ, ਡਾ: ਮੀਨਾ ਹਰਦੀਪ ਸਿੰਘ, ਡਾ: ਗੁਰਮੁਖ ਸਿੰਘ ਸੋਸ਼ਲ ਵਰਕਰ, ਅਮਿਤ ਮਰਵਾਹਾ ਸਮਾਜ ਸੇਵਕ, ਸੁਰਜੀਤ ਕੌਰ ਸਮਾਜ ਸੇਵਕ, ਮਾਸ ਮੀਡੀਆ ਅਫਸਰ ਗੁਰਮੀਤ ਸਿੰਘ ਰਾਣਾ ਮੌਜੂਦ ਸਨ।