ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਵਿਚ ਕਾਨੂੰਨ ਦੀ ਮਾੜੀ ਵਿਵਸਥਾ ਅਤੇ ਪੁਲਿਸ ਅਫ਼ਸਰਾਂ ਦੀਆਂ ਵਧੀਕੀਆਂ ਖਿਲਾਫ਼ ਵੱਖ-ਵੱਖ ਇਨਸਾਫ਼ਪਸੰਦ ਜੱਥੇਬੰਦੀਆਂ ਨੇ ਲਲਹੇੜੀ ਚੌਂਕ ਖੰਨਾ ਵਿਖੇ ਰੋਸ ਧਰਨਾ ਦਿੱਤਾ। ਇਸ ਮੌਕੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਮੰਗ ਪੱਤਰ ਸੌਂਪਦਿਆਂ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਸੰਦੀਪ ਸਿੰਘ ਰੁਪਾਲੋਂ ਅਤੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਕੰਗ ਨੇ ਕਿਹਾ ਕਿ ਇਸ ਜ਼ਿਲ੍ਹੇ ਅੰਦਰ ਬਹੁਤ ਸਾਰੇ ਪੁਲਿਸ ਅਧਿਕਾਰੀ ਇਹੋ ਜਿਹੇ ਹਨ, ਜਿਹੜੇ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੇ ਬਲਕਿ ਗਲਤ ਤਰੀਕੇ ਨਾਲ ਕਸੂਰਵਾਰ ਲੋਕਾਂ ਦੀ ਥਾਂ ਨਿਰਦੋਸ਼ ਲੋਕਾਂ ਖਿਲਾਫ਼ ਹੀ ਕਾਰਵਾਈ ਕਰਦੇ ਹਨ ਅਤੇ ਕਾਫ਼ੀ ਲੰਬੇ ਸਮੇਂ ਤੋਂ ਇਕੋਂ ਥਾਂ ’ਤੇ ਡਿਊਟੀ ਕਰਦੇ ਅਧਿਕਾਰੀਆਂ ਦੇ ਗੈਰ ਕਾਨੂੰਨੀ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਨੇੜਤਾ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਵਾਰ ਤਾਂ ਅਜਿਹੇ ਅਧਿਕਾਰੀ ਆਪ ਹੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਜਿਨ੍ਹਾਂ ਦੀ ਆਏ ਦਿਨ ਸ਼ੋਸ਼ਲ ਮੀਡੀਆ ਅਤੇ ਵੀਡੀਓਜ਼ ਤੇ ਆਡੀਓ ਵਾਇਰਲ ਹੋ ਰਹੀਆਂ ਹਨ, ਜੇਕਰ ਅਸੀਂ ਉਨ੍ਹਾਂ ਦੀ ਸ਼ਿਕਾਇਤ ਕਿਸੇ ਅਧਿਕਾਰੀ ਨੂੰ ਕਰਦੇ ਹਾਂ ਤਾਂ ਇਨਕੁਆਰੀ ਦੇ ਨਾਂਅ ਤੇ ਦਰਖਾਸਤ ਕਰਤਾ ਨੂੰ ਹੀ ਖੱਜਲ ਖੁਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਤੇ ਗੁੰਡਾਗਰਦੀ ਪੂਰੇ ਜ਼ੋਰਾਂ ’ਤੇ ਹੈ, ਜਿਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ।
ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਸਲਿਆਂ ਤੇ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਸਬੰਧਤ ਮਸਲਿਆਂ ਦੀਆਂ ਕਾਪੀਆਂ ਵੀ ਐਸ. ਐਸ. ਪੀ. ਨੂੰ ਸੌਂਪੀਆਂ ਗਈਆਂ। ਵਫ਼ਦ ਵਿਚ ਕਰਨੈਲ ਸਿੰਘ, ਰਾਜ ਕੁਮਾਰ, ਬਲਵੀਰ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਬਾਬਾ ਮਾਨ ਸਿੰਘ, ਸੁਭਾਸ਼ ਚੰਦਰ, ਨਾਜ਼ਰ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ, ਬਲਜਿੰਦਰ ਕੌਰ, ਸੰਜਨਾ ਸ਼ਰਮਾ, ਤਰੁਣਪ੍ਰੀਤ ਸਿੰਘ, ਸੁਖਮਨਜੀਤ ਸਿੰਘ ਆਦਿ ਹਾਜ਼ਰ ਸਨ।