ਖੰਨਾ (ਪਰਮਜੀਤ ਸਿੰਘ ਧੀਮਾਨ) –ਅੱਜ ਖੰਨਾ ਜ਼ਿਲ੍ਹਾ ਪੁਲਿਸ ਨੇ ਕੇ. ਐਲ. ਐਫ਼. ਆਰਗੇਨਾਈਜੇਸ਼ਨ ਵੱਲੋਂ ਚਲਾਏ ਜਾ ਰਹੇ ‘ਟਾਰਗੇਟ ਕਿÇਲੰਗ’ ਗੈਂਗ ਦਾ ਪਰਦਾਫਾਸ਼ ਕਰਕੇ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸੇ ਖਾਸ ਮੁਖ਼ਬਰ ਦੀ ਇਤਲਾਹ ’ਤੇ ਥਾਣੇਦਾਰ ਅਕਾਸ਼ ਦੱਤ ਨੇ ਪੁਲਿਸ ਪਾਰਟੀ ਸਮੇਤ ਪ੍ਰਿਸਟਾਈਨ ਮਾਲ ਜੀ. ਟੀ. ਰੋਡ ’ਤੇ ਨਾਕਾਬੰਦੀ ਦੌਰਾਨ ਇਟੀਓਸ ਕਾਰ ਨੰਬਰ ਪੀਬੀ.01 ਏਐਸ-6845 ਨੂੰ ਰੋਕਿਆ ਤਾਂ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਵਿਚੋਂ ਇਕ ਨੇ ਪੁਲਿਸ ਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਜਿਨ੍ਹਾਂ ਵਿਚੋਂ ਪੁਲਿਸ ਨੇ ਮੁਸਤੈਦੀ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਹਿਚਾਣ ਜਸਵਿੰਦਰ ਸਿੰਘ ਵਾਸੀ ਕੀਰਤਪੁਰ ਸਾਹਿਬ, ਗੌਰਵ ਜੈਨ ਉਰਫ਼ ਮਿੰਕੂ ਵਾਸੀ ਕਾਲਿਆਵਾਲਾ (ਸਿਰਸਾ) ਵਜੋਂ ਹੋਈ ਅਤੇ ਉਨ੍ਹਾਂ ਨੇ ਆਪਣੇ ਤੀਜੇ ਸਾਥੀ ਦਾ ਨਾਂਅ ਜਸਪ੍ਰੀਤ ਸਿੰਘ ਉਰਫ਼ ਨੂਪੀ ਵਾਸੀ ਕੀਰਤਪੁਰ ਸਾਹਿਬ ਦੱਸਿਆ। ਜਿਸ ਨੂੰ ਪੁਲਿਸ ਨੇ ਸੂਆ ਪੁੱਲੀ ਮਾਜਰੀ ਨੇੜਿਓ ਇਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਲ ਉਰਫ਼ ਕਬੀਰ ਵਾਸੀ ਚੰਡੀਗੜ੍ਹ ਸਮੇਤ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਸ਼ੀਆਂ ਪਾਸੋਂ 2 ਪਿਸਟਲ 32 ਬੋਰ, 4 ਮੈਗਜ਼ੀਨ, 2 ਜਿੰਦਾ ਕਾਰਤੂਸ, ਇਕ ਚੱਲਿਆ ਕਾਰਤੂਸ ਦਾ ਖੋਲ੍ਹ ਅਤੇ ਇਕ ਦੇਸੀ ਪਿਸਟਲ ਬਰਾਮਦ ਕੀਤਾ ਗਿਆ।
ਐਸ. ਐਸ. ਪੀ.ਗਰੇਵਾਲ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਾਰਦਾਤ ਲਈ ਵਰਤੀ ਕਾਰ ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਜਿਸ ਨੂੰ ਹੱਥਿਆਰਾਂ ਦੀ ਨੋਕ ’ਤੇ ਜ਼ੀਰਕਪੁਰ ਤੋਂ ਖੋਹਿਆ ਸੀ। ਦੋਸ਼ੀ ਜਸਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਪਟਿਆਲ ਜੇਲ੍ਹ ਵਿਚ ਬੰਦ ਸੀ ਅਤੇ ਉਥੋਂ ਆਪਣੇ ਸਾਥੀਆਂ ਸ਼ੇਰ ਸਿੰਘ ਅਤੇ ਇੰਦਰਜੀਤ ਸਿੰਘ ਉਰਫ਼ ਧਿਆਨਾ ਨਾਲ 28 ਅਪ੍ਰੈਲ 2021 ਨੂੰ ਫ਼ਰਾਰ ਹੋਇਆ ਸੀ। ਜਿਸ ਉਪਰੰਤ ਉਸਨੇ ਹੱਥਿਆਰਾਂ ਦੀ ਨੋਕ ’ਤੇ ਕਾਰ ਖੋਹੀ ਅਤੇ ਖਰੜ ਵਿਖੇ ਪੈਟਰੋਲ ਪੰਪ ਤੇ 50 ਹਜ਼ਾਰ ਰੁਪਏ ਦੀ ਲੁੱਟ ਕੀਤੀ।
ਇਸ ਦੌਰਾਨ ਉਸਦੀ ਕੇਐਲਐਫ ਸੰਗਠਨ (ਜਰਮਨੀ) ਨਾਲ ਗਹਿਰੇ ਸਬੰਧ ਸਥਾਪਤ ਹੋ ਗਏ, ਜਿਸ ਨੇ ਉਸ ਨੂੰ ਆਰਥਿਕ ਤੌਰ ’ਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਟਾਰਗੇਟ ਕਿÇਲੰਗ ਲਈ ਤਿਆਰ ਕਰ ਲਿਆ ਸੀ। ਇਸ ਉਪਰੰਤ ਦੋਸ਼ੀ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ ਵਿਅਕਤੀਆਂ ਦੀ ਰੈਕੀ ਵੀ ਕੀਤੀ ਅਤੇ ਇਸ ਸੰਗਠਨ ਨੇ ਉਸ ਨੂੰ 3 ਹੱਥਿਆਰ ਰੂਦਰਪੁਰ (ਉਤਰਾਖੰਡ) ਵਿਚ ਮੁਹੱਈਆ ਕਰਵਾਏ, ਇਸ ਸਬੰਧੀ ਵੈਸਟਰਨ ਯੂਨੀਅਨ ਤੇ ਪੇਅਟੀਐਮ ਰਾਹੀਂ ਫਡਿੰਗ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਪਾਸੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।






















