ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਨਸਲੀ ਆਧਾਰ ‘ਤੇ ਵਿਦਿਆਰਥੀਆਂ ਦੀ ਝੂਠੀ ਮੂਠੀ ਨਿਲਾਮੀ ਰਾਹੀਂ ਵਿਕਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਾਰਥ ਕੈਰੋਲੀਨਾ ਦੇ ਇਕ ਸਕੂਲ ਬੋਰਡ ਨੇ ਸਰਬਸੰਮਤੀ ਨਾਲ ਕਾਰਵਾਈ ਯੋਜਨਾ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਮਾਪਿਆਂ ਤੇ ਸਮਾਜ ਦੇ ਹੋਰ ਲੋਕਾਂ ਨੇ ਜਿਲੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਵੱਲੋਂ ਨਸਲੀ ਆਧਾਰ ‘ਤੇ ਆਪਣੇ ਸਿਆਹਫਾਮ ਸਾਥੀਆਂ ਦੀਆਂ ਬੋਲੀਆਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚਥਮ ਕਾਊਂਟੀ ਸਕੂਲ ਡਿਸਟ੍ਰਿਕਟ ਤੋਂ ਇਸ ਸਬੰਧੀ ਕੋਈ ਕਾਰਗਰ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ।
ਐਸ਼ਲੇ ਪਲਮਰ ਨੇ ਫੇਸ ਬੁੱਕ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਜੇ ਐਸ ਵਾਟਰਜ ਸਕੂਲ ਵਿਚ 8 ਵੀਂ ਸ਼੍ਰੇਣੀ ਵਿਚ ਪੜਦੇ ਉਸ ਦੇ ਸਿਆਹਫਾਮ ਪੁੱਤਰ ਨੇ ਦੱਸਿਆ ਕਿ ਉਸ ਦੀ ਕਲਾਸ ਦੇ ਕੁਝ ਵਿਦਿਆਰਥੀਆਂ ਨੂੰ ਗੁਲਾਮਾਂ ਦੀ ਝੂਠੀ ਮੂਠੀ ਨਿਲਾਮੀ ਰਾਹੀਂ ਵੇਚਿਆ ਗਿਆ। ਪਲਮਰ ਅਨੁਸਾਰ ਉਸ ਦੇ ਪੁੱਤਰ ਨੂੰ ਵੀ ਇਸ ਅਣਸੁਖਾਵੇਂ ਤਜ਼ਰਬੇ ਵਿਚੋਂ ਲੰਘਣਾ ਪਿਆ ਹੈ। ਸਿਆਹਫਾਮ ਵਿਦਿਆਰਥੀਆਂ ਨੇ ਇਸ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਹੈ। ਪਲਮਰ ਨੇ ਪਾਈ ਪੋਸਟ ਵਿਚ ਹੋਰ ਕਿਹਾ ਹੈ ਕਿ ਨਿਲਾਮੀ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਇਕ ਦਿਨ ਲਈ ਸਕੂਲ ਵਿਚੋਂ ਮੁਅਤਲ ਕੀਤਾ ਗਿਆ ਪਰੰਤੂ ਇਸ ਦਾ ਵਿਦਿਆਰਥੀਆਂ ਉਪਰ ਕੋਈ ਅਸਰ ਨਹੀਂ ਪਿਆ ਹੈ ਤੇ ਉਸ ਦੇ ਪੁੱਤਰ ਨੂੰ ਨਿਰੰਤਰ ਪ੍ਰੇਸ਼ਾਨੀ ਦੇ ਹਾਲਾਤ ਵਿਚੋਂ ਲੰਘਣਾ ਪੈ ਰਿਹਾ ਹੈ।