ਜਲੰਧਰ, ਮਿਡਿਆ ਬਿਊਰੋ:
ਵਿਧਾਨ ਸਭਾ ਦੀ ਨਬਜ਼ ਦੇਖਣ ਲਈ ਡਾਕਟਰ ਵੀ ਸਟੈਥੋਸਕੋਪ ਛੱਡ ਕੇ ਅਸੈਂਬਲੀ ’ਚ ਪੁੱਜੇ ਹਨ। ਪਹਿਲੀ ਵਾਰ ਵਿਧਾਨ ਸਭਾ ’ਚ ਹਰ 7.8ਵਾਂ ਵਿਧਾਇਕ ਡਾਕਟਰ ਹੈ। ਸੂਬੇ ’ਚ ਹੋਈਆ ਵਿਧਾਨ ਸਭਾ ਚੋਣਾਂ ’ਚ ਪਹਿਲੀ ਵਾਰ 15 ਡਾਕਟਰਾਂ ਨੂੰ ਲੋਕਾਂ ਨੇ ਵਿਧਾਇਕ ਚੁਣ ਕੇ ਵਿਧਾਨ ਸਭਾ ’ਚ ਭੇਜਿਆ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ 12 ਡਾਕਟਰ ਅਤੇ ਅਕਾਲੀ ਦਲ ਬਾਦਲ, ਬਸਪਾ ਤੇ ਕਾਂਗਰਸ ਦਾ 1-1 ਡਾਕਟਰ ਸ਼ਾਮਲ ਹਨ।
ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪ ਦੇ ਡਾ. ਚਰਨਜੀਤ ਸਿੰਘ ਨੇ ਹਰਾਇਆ ਹੈ। 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆ ਨੇ 31 ਡਾਕਟਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ 17 ਡਾਕਟਰ ਹੀ ਚੋਣ ਮੈਦਾਨ ਉਤਰੇ ਸਨ। ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 12, ਸੰਯੁਕਤ ਸਮਾਜ ਮੋਰਚੇ ਨੇ ਸੱਤ, ਭਾਜਪਾ, ਪੰਜਾਬ ਲੋਕ ਕਾਂਗਰਸ ਪਾਰਟੀ ਤੇ ਅਕਾਲੀ ਦਲ ਸੰਯੁਕਤ ਨੇ 5, ਅਕਾਲੀ-ਬਸਪਾ ਨੇ ਪੰਜ ਅਤੇ ਕਾਂਗਰਸ ਪਾਰਟੀ ਨੇ 2 ਡਾਕਟਰਾਂ ਨੇ ਉਮੀਦਵਾਰ ਬਣਾਇਆ ਸੀ। ਸੂਬੇ ਦੇ ਪੰਜ ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੋਂ 2 ਡਾਕਟਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਵਜੋਂ ਆਹਮੋ-ਸਾਹਮਣੇ ਸਨ। ਇਨ੍ਹਾਂ ’ਚ ਅੰਮ੍ਰਿਤਸਰ ਪੱਛਮੀ, ਅੰਮ੍ਰਿਤਸਰ ਸੈਂਟਰਲ, ਤਰਨਤਾਰਨ, ਮੋਗਾ ਤੇ ਬੱਸੀ ਪਠਾਨਾਂ ਸ਼ਾਮਲ ਹਨ। ਅੰਮ੍ਰਿਤਸਰ ਇਕਮਾਤਰ ਅਜਿਹਾ ਜ਼ਿਲ੍ਹਾ ਹੈ, ਜਿਥੋਂ ਤਿੰਨ ਪਾਰਟੀਆ ਵੱਲੋਂ 6 ਡਾਕਟਰ ਚੋਣ ਮੈਦਾਨ ’ਚ ਨਿੱਤਰੇ ਹੋਏ ਸਨ। ਇਨ੍ਹਾਂ ’ਚੋਂ ਆਪ ਦੇ ਤਿੰਨ, ਭਾਜਪਾ ਦੇ ਦੋ ਅਤੇ ਅਕਾਲੀ ਦਲ ਦਾ ਇਕ ਡਾਕਟਰ ਸ਼ਾਮਲ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ ਸੱਤ ਡਾਕਟਰ ਉਮੀਦਵਾਰ ਬਣਾਏ ਸਨ। ਕਾਂਗਰਸ ਨੇ 4, ਅਕਾਲੀ ਦਲ ਨੇ 2 ਅਤੇ ਭਾਜਪਾ ਨੇ ਇਕ ਡਾਕਟਰ ਨੂੰ ਉਮੀਦਵਾਰ ਬਣਾਇਆ ਸੀ।
ਨੀਮਾ ਦੇ ਪ੍ਰਧਾਨ ਡਾ. ਪਰਵਿੰਦਰ ਬਜਾਜ ਦਾ ਕਹਿਣਾ ਹੈ ਕਿ ਪਡ਼੍ਹੇ-ਲਿਖੇ ਵਰਗ ਨੂੰ ਵੀ ਵਿਧਾਨ ਸਭਾ ’ਚ ਜਾਣ ਦਾ ਮੌਕਾ ਮਿਲਿਆ ਹੈ। ਇਸ ਨਾਲ ਸਮਾਜ ਨੂੰ ਨਵੀਂ ਰਾਹ ਦਿਖਾਈ ਜਾ ਸਕੇਗੀ। ਉਥੇ ਹੀ ਆਈਐੱਮਏ ਦੇ ਸੂਬਾ ਪ੍ਰਧਾਨ ਡਾ. ਪਰਮਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਡਾਕਟਰਾਂ ’ਚ ਸਿਆਸਤ ਵਿਚ ਉੱਤਰਨ ਦਾ ਰੁਝਾਨ ਵਧਿਆ ਹੈ। ਪਿਛਲੀ ਵਿਧਾਨ ਸਭਾ ਦੇ ਮੁਕਾਬਲੇ ਇਸ ਵਾਰ ਗਿਣਤੀ ਵਧੀ ਹੈ। ਵਿਧਾਨ ਸਭਾ ’ਚ ਡਾਕਟਰ ਹਾਜ਼ਰੀ ਨਾਲ ਸੂਬੇ ਦੀਆ ਸਿਹਤ ਸੇਵਾਵਾਂ ਵਧੀਆ ਬਣਾਉਣ ਲਈ ਬਿਹਤਰ ਯੋਜਨਾਵਾਂ ਬਣਨਗੀਆਂ।