ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਨਵਜੋਤ ਸਿੰਘ ਦੀ ਭੈਣ ਸੁਮਨ ਤੂਰ ‘ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ

ਲੁਧਿਆਣਾ, ਮੀਡੀਆ ਬਿਊਰੋ:

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਭੈਣ ਸੁਮਨ ਤੂਰ (Suman Toor) ਵੱਲੋਂ ਲਾਏ ਗਏ ਦੋਸ਼ਾਂ ਨਾਲ ਮੁਸੀਬਤ ‘ਚ ਘਿਰ ਸਕਦੇ ਹਨ। ਸੁਮਨ ਤੂਰ ਨੇ ਜਾਇਦਾਦ ਵਿਵਾਦ ‘ਚ ਭਾਈ ਨਵਜੋਤ ਸਿੰਘ ਸਿੱਧੂ ਖਿਲਾਫ਼ ਕੌਮੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਕਮਿਸ਼ਨ ਵੱਲੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (DCP) ਨੂੰ ਪੰਦਰਾਂ ਦਿਨਾਂ ‘ਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਿੱਧੂ ਦੀ ਭੈਣ ਸੁਮਨ ਤੂਰ ਵਿਦੇਸ਼ ‘ਚ ਰਹਿੰਦੀ ਹੈ ਅਤੇ ਉਸ ਨੇ ਸ਼ਿਕਾਇਤ ‘ਚ ਲੁਧਿਆਣਾ ਦੇ ਪੱਖੋਵਾਲ ਰੋਡ ਦਾ ਪਤਾ ਦਿੱਤਾ ਹੈ। ਇਸ ਕਾਰਨ ਇੱਥੋਂ ਡੀਸੀਪੀ ਨੂੰ ਜਾਂਚ ਲਈ ਲਿਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਸੁਮਨ ਤੂਰ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾ ਚੁੱਕੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਹੁਣ ਜਦੋਂ ਚੋਣਾਂ ਹੋ ਚੁੱਕੀਆਂ ਹਨ ਤੇ ਵੋਟਾਂ ਦੀ ਗਿਣਤੀ ਕੁਝ ਹੀ ਦਿਨਾਂ ‘ਚ ਹੋਣ ਵਾਲੀ ਹੈ ਤਾਂ ਇਹ ਸ਼ਿਕਾਇਤ ਅਤੇ ਜਾਂਚ ਨਵਜੋਤ ਸਿੰਘ ਸਿੱਧੂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਨੇ ਇਸ ‘ਤੇ ਬੋਲਣ ਤੋਂ ਇਨਕਾਰ ਨਹੀਂ ਕੀਤਾ ਹੈ।

ਵੋਟਿੰਗ ਤੋਂ ਪਹਿਲਾਂ ਲਾਏ ਸੀ ਇਲਜ਼ਾਮ

ਸੁਮਨ ਤੂਰ ਵੱਲੋਂ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਕੇ ਨਵਜੋਤ ਸਿੰਘ ਸਿੱਧੂ ‘ਤੇ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਬਾਅਦ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਨਿਸ਼ਾਨੇ ‘ਤੇ ਵੀ ਆ ਗਏ ਸਨ ਤੇ ਇਸ ਸਬੰਧੀ ਉਨ੍ਹਾਂ ਤੋਂ ਸਵਾਲ ਵੀ ਪੁੱਛੇ ਜਾ ਰਹੇ ਸਨ। ਨਵਜੋਤ ਸਿੰਘ ਸਿੱਧੂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਚੋਣਾਂ ਸਮੇਂ ਅਜਿਹੇ ਰਿਸ਼ਤੇਦਾਰ ਆਉਂਦੇ ਹਨ ਤੇ ਉਨ੍ਹਾਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ।

ਚੋਣਾਂ ‘ਚ ਝੱਲਣਾ ਪੈ ਸਕਦੈ ਨੁਕਸਾਨ

ਇਸ ਦਾ ਖ਼ਮਿਆਜ਼ਾ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਨੂੰ ਭੁਗਤਣਾ ਪੈ ਸਕਦਾ ਹੈ। ਕਿਉਂਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਖਿਲਾਫ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਵੱਲੋਂ ਭੈਣ ਦਾ ਮੁੱਦਾ ਉਠਾਇਆ ਗਿਆ ਹੈ।

Share This :

Leave a Reply