ਬਠਿੰਡਾ ਥਰਮਲ ਪਲਾਂਟ ਬੰਦ ਕਰਨ ’ਤੇ ਭਖੀ ਸਿਆਸਤ

ਵਿਰੋਧੀ ਥਰਮਲ ਬੰਦ ਕਰਨ ਦੇ ਮਾਮਲੇ ‘ਚ ਘੇਰ ਰਹੇ ਨੇ ਮਨਪ੍ਰੀਤ ਬਾਦਲ ਨੂੰ

ਬਠਿੰਡਾ, ਮੀਡੀਆ ਬਿਊਰੋ:

ਵਿਧਾਨ ਸਭਾ ਚੋਣਾਂ ’ਚ ਹੁਣ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ ’ਤੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਵਿਰੋਧੀ ਪਾਰਟੀਆਂ ਵੱਲੋਂ ਇਸ ਮੁੱਦੇ ’ਤੇ ਕਾਂਗਰਸ ਦੇ ਉਮੀਦਵਾਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਿਆ ਜਾ ਰਿਹਾ ਹੈ। ਲੋਕ ਵਿੱਤ ਮੰਤਰੀ ਨੂੰ ਥਰਮਲ ਬੰਦ ਕਰਨ ’ਤੇ ਸਵਾਲ ਵੀ ਕਰ ਰਹੇ ਹਨ। ਹਾਲਾਂਕਿ ਵਿੱਤ ਮੰਤਰੀ ਕਹਿ ਚੁੱਕੇ ਹਨ ਕਿ ਥਰਮਲ ਬੰਦ ਕਰਨਾ ਜ਼ਰੂਰੀ ਸੀ। ਇਹ ਪਹਿਲੀ ਵਾਰ ਨਹੀਂ ਜਦੋਂ ਥਰਮਲ ਪਲਾਂਟ ’ਤੇ ਸਿਆਸਤ ਹੋਈ ਹੈ। ਇਸ ਤੋਂ ਪਹਿਲਾਂ ਥਰਮਲ ਦੀਆਂ ਛੋਟੀਆਂ ਚਿਮਨੀਆਂ ਤੋਡ਼ਨ ਦੀ ਵੀਡੀਓ ਵੀ ਖ਼ੂਬ ਵਾਇਰਲ ਹੋਈ ਸੀ। ਕਾਂਗਰਸ ਪਾਰਟੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਥਰਮਲ ਨੂੰ ਬੰਦ ਕਰਨ ਵਾਲੀ ਤਿਆਰ ਕੀਤੀ ਗਈ ਤਜਵੀਜ਼ ਦਾ ਡਟਵਾਂ ਵਿਰੋਧ ਹੀ ਨਹੀਂ ਕੀਤਾ ਸਗੋਂ ਕਾਂਗਰਸ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਬਾਦਲ ਥਰਮਲ ਕਾਮਿਆਂ ਦੇ ਧਰਨਿਆਂ ’ਚ ਸ਼ਾਮਲ ਹੋ ਕੇ ਥਰਮਲ ਬੰਦ ਕਰਨ ਦਾ ਵਿਰੋਧ ਹੀ ਨਹੀਂ ਕਰਦੇ ਰਹੇ ਸਗੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਥਰਮਲ ਨੂੰ ਚਾਲੂ ਰੱਖਣ ਦਾ ਦਮ ਵੀ ਭਰਦੇ ਰਹੇ ਪਰ ਆਮ ਲੋਕਾਂ ਤੇ ਥਰਮਲ ਕਾਮਿਆਂ ਦੀਆਂ ਭਾਵਨਾਵਾਂ ਦੇ ਉਲਟ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਤੋਂ ਭੱਜਦਿਆਂ ਸਰਕਾਰ ਬਣਨ ਪਿੱਛੋਂ ਥਰਮਲ ਬੰਦ ਕਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਤੇ ਇਸ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਥਰਮਲ ਬੰਦ ਹੋਣ ਕਾਰਨ ਜਿੱਥੇ ਸੈਂਕਡ਼ੇ ਮੁਲਾਜ਼ਮਾਂ ਦੀ ਨੌਕਰੀ ਨੂੰ ਸੱਟ ਵੱਜੀ, ਉਥੇ ਹੀ ਥਰਮਲ ਨਾਲ ਜੁਡ਼ੇ ਛੋਟੇ-ਮੋਟੇ ਹਜ਼ਾਰਾਂ ਕਾਰੋਬਾਰ ਵੀ ਪ੍ਰਭਾਵਿਤ ਹੋਏ।

ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਨੀਂਹ 1970 ’ਚ ਉਸ ਸਮੇਂ ਰੱਖੀ ਗਈ, ਜਦੋਂ ਚਾਰੇ ਪਾਸੇ ਹਨੇਰਾ ਪੱਸਰਿਆ ਹੋਇਆ ਸੀ। 440 ਮੈਗਾਵਾਟ ਵਾਲੇ ਇਸ ਥਰਮਲ ਦਾ ਪਹਿਲਾ ਯੂਨਿਟ ਸਤੰਬਰ 1974, ਦੂਸਰਾ ਸਤੰਬਰ 1975 ’ਚ ਚੱਲਿਆ ਜਦੋਂ ਕਿ ਤੀਸਰਾ ਯੂਨਿਟ ਮਾਰਚ 1978 ਵਿਚ ਅਤੇ ਚੌਥਾ ਯੂਨਿਟ 1979 ਵਿਚ ਚੱਲਿਆ ਸੀ। ਕੇਂਦਰੀ ਪਾਵਰ ਰਿਸਰਚ ਇੰਸਟੀਚਿਊਟ ਬੰਗਲੌਰ ਨੇ ਇਸ ਦੀ ਸਟੱਡੀ ਕਰ ਕੇ ਇਸ ਦੇ ਨਵੀਨੀਕਰਨ ਦੇ ਦਿੱਤੇ ਸਝਾਓ ਮਗਰੋਂ ਇਸ ’ਤੇ ਕਰੋਡ਼ਾਂ ਰੁਪਏ ਖ਼ਰਚ ਕੀਤੇ ਗਏ। ਜ਼ਰੂਰੀ ਮੁਰੰਮਤ ਮਗਰੋਂ ਇਸ ਥਰਮਲ ਦੇ ਯੂਨਿਟ ਨੰਬਰ ਇਕ ਤੇ ਦੋ ਦੀ ਮਿਆਦ ਸਾਲ 2021-22 ਤਕ, ਤਿੰਨ ਨੰਬਰ ਯੂਨਿਟ ਦੀ ਮਿਆਦ ’ਚ 2029 ਤਕ ਤੇ ਚਾਰ ਨੰਬਰ ਯੂਨਿਟ ਦੀ ਉਮਰ ’ਚ ਸਾਲ 2031 ਦਾ ਵਾਧਾ ਹੋ ਗਿਆ ਪਰ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਸ ਥਰਮਲ ਤੋਂ ਪੈਦਾ ਹੁੰਦੀ ਬਿਜਲੀ ਨੂੰ ਮਹਿੰਗੀ ਦੱਸ ਕੇ ਬੰਦ ਕਰ ਦਿੱਤਾ।

ਹੁਣ ਵਿਧਾਨ ਸਭਾ ਚੋਣ ਦਾ ਬਿਗੁਲ ਵੱਜਦਿਆਂ ਹੀ ਇਸ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਵਿਰੋਧੀ ਪਾਰਟੀਆਂ ‘ਆਪ’ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਜਿੱਥੇ ਬਠਿੰਡਾ ਦੀ ਸ਼ਾਨ ਹੈ, ਉਥੇ ਹੀ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਜੁਡ਼ੀਆਂ ਹੋਈਆਂ ਹਨ। ਨਵੰਬਰ 1969 ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਵੱਲੋਂ ਮਾਲਵੇ ਦੇ ਲੋਕਾਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਸੀ।

716 ਕਰੋਡ਼ ਖ਼ਰਚਣ ਤੋਂ ਬਾਅਦ ਬੰਦ ਕਰ ਦਿੱਤਾ ਥਰਮਲ ਪਲਾਂਟ

ਪਾਵਰਕਾਮ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਚਾਲੂ ਰੱਖਣ ਦੇ ਮਨੋਰਥ ਨਾਲ ਇਸ ਦੀ ਜ਼ਰੂਰੀ ਮੁਰੰਮਤ ਲਈ ਦਸੰਬਰ 1999 ’ਚ ਪਹਿਲੇ ਪਡ਼ਾਅ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਗਿਆ ਸੀ ਜਦਕਿ ਦੂਸਰੇ ਪਡ਼ਾਅ ਦਾ ਅਧਿਐਨ ਫਰਵਰੀ 2001 ਤੇ ਦਸੰਬਰ 2001 ਵਿਚ ਸ਼ੁਰੂ ਕੀਤਾ ਗਿਆ। ਪਾਵਰਕਾਮ ਨੇ ਇਸ ਲਈ ਫਰਵਰੀ 2001 ’ਚ ਇਸ ਪ੍ਰਾਜੈਕਟ ਦੀ ਮੁਰੰਮਤ ਤੇ ਆਧੁਨਿਕੀਕਰਨ ਲਈ ਰਿਪੋਰਟ (ਡੀਪੀਆਰ) ਤਿਆਰ ਕੀਤੀ ਅਤੇ ਇਸ ਕੰਮ ਲਈ 229 ਕਰੋਡ਼ ਰੁਪਏ ਪਹਿਲੇ ਪਡ਼ਾਅ ’ਤੇ ਖ਼ਰਚ ਆਉਣ ਦਾ ਅਨੁਮਾਨ ਲਗਾਇਆ। ਦੂਸਰੇ ਪਡ਼ਾਅ ਦੀ ਰਿਪੋਰਟ ਅਪ੍ਰੈਲ 2003 ਵਿਚ ਤਿਆਰ ਕੀਤੀ ਤੇ ਮੁਰੰਮਤ ਲਈ 290.20 ਕਰੋਡ਼ ਖ਼ਰਚਾ ਦੱਸਿਆ। ਮੁਰੰਮਤ ਲਈ ਪਹਿਲੇ ਪਡ਼ਾਅ ਦਾ ਕੰਮ ਮਈ 2003 ’ਚ ਸ਼ੁਰੂ ਹੋਇਆ। ਦੋਵੇਂ ਯੂਨਿਟ ਮੁਰੰਮਤ ਮਗਰੋਂ 20 ਜਨਵਰੀ 2006 ਤੇ 31 ਮਈ 2007 ਨੂੰ ਚਾਲੂ ਕਰ ਦਿੱਤੇ ਗਏ। ਮੁਰੰਮਤ ’ਤੇ ਕਰੀਬ 183 ਕਰੋਡ਼ ਖ਼ਰਚ ਕੀਤੇ ਗਏ ਜਿਸ ਨਾਲ ਦੋ ਯੂਨਿਟਾਂ ਦੀ ਉਮਰ ਹੁਣ 2026 ਤਕ ਵਧ ਗਈ ਹੈ। ਤੀਸਰੇ ਤੇ ਚੌਥੇ ਯੂਨਿਟ ਦੀ ਮੁਰੰਮਤ ’ਤੇ 465 ਕਰੋਡ਼ ਤੋਂ ਵਧੇਰੇ ਖ਼ਰਚ ਕੀਤੇ ਗਏ। ਸਾਲ 2005-06 ਤੇ ਸਾਲ 2012 ਤੋਂ ਲੈ ਕੇ 2014 ਤਕ ਪਲਾਂਟ ਦੇ ਚਾਰੇ ਹੀ ਯੂਨਿਟਾਂ ਦਾ ਨਵੀਨੀਕਰਨ ਕਰਨ ਦੇ ਲਈ ਸਰਕਾਰ ਨੇ 716 ਕਰੋਡ਼ ਰੁਪਏ ਖ਼ਰਚ ਕੀਤੇ ਸਨ। 2200 ਏਕਡ਼ ਰਕਬੇ ’ਚ ਬਣਿਆ ਉਕਤ ਪਲਾਂਟ ਹਰ ਰੋਜ਼ 460 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ। ਪਲਾਂਟ ’ਚ 2300 ਦੇ ਕਰੀਬ ਕੱਚੇ-ਪੱਕੇ ਕਰਮਚਾਰੀ ਕੰਮ ਕਰ ਰਹੇ ਸਨ। ਥਰਮਲ ਬੰਦ ਕਰਨ ਪਿੱਛੇ ਸਰਕਾਰ ਦਾ ਤਰਕ ਸੀ ਕਿ ਸਰਕਾਰੀ ਪਲਾਂਟ ਨੂੰ ਬੰਦ ਕਰਨ ਨਾਲ ਨਿੱਜੀ ਥਰਮਲ ਪਲਾਂਟ ਤੋਂ ਸਰਕਾਰ ਨੂੰ ਸਸਤੀ ਬਿਜਲੀ ਮੁਹੱਈਆ ਹੋਵੇਗੀ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਵੀ ਸਸਤੀ ਬਿਜਲੀ ਮਿਲੇਗੀ।

ਅਕਾਲੀ ਸਰਕਾਰ ਨੇ ਬਣਾਈ ਤਜਵੀਜ਼, ਕਾਂਗਰਸ ਨੇ ਬੰਦ ਕੀਤਾ ਥਰਮਲ

ਥਰਮਲ ਬੰਦ ਕਰਨ ਦੀ ਤਜਵੀਜ਼ ਅਕਾਲੀ-ਭਾਜਪਾ ਸਰਕਾਰ ਨੇ ਬਣਾਈ ਸੀ ਜਿਸ ਨੂੰ ਅਮਲੀ ਰੂਪ ਕਾਂਗਰਸ ਸਰਕਾਰ ਨੇ 1 ਜਨਵਰੀ 2018 ਨੂੰ ਦਿੱਤਾ। ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਥਰਮਲ ਨੂੰ ਘਾਟੇ ਦਾ ਸੌਦਾ ਕਹਿ ਕੇ ਬੰਦ ਕਰਨ ਦੀ ਗੱਲ ਕੀਤੀ ਤਾਂ ਥਰਮਲ ਮਲਾਜ਼ਮਾਂ ਨੇ ਉਸ ਸਮੇਂ ਹੀ ਸੰਘਰਸ਼ ਵਿੱਢ ਦਿੱਤਾ ਸੀ। ਉਸ ਸਮੇਂ ਇੱਥੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲਡ਼ਨ ਵਾਲੇ ਮਨਪ੍ਰੀਤ ਸਿੰਘ ਬਾਦਲ ਮਲਾਜ਼ਮਾਂ ਦੇ ਧਰਨਿਆਂ ’ਚ ਸ਼ਾਮਲ ਹੋ ਕੇ ਥਰਮਲ ਬੰਦ ਨਾ ਕਰਨ ਦੀ ਵਕਾਲਤ ਕਰਦੇ ਰਹੇ ਹਨ। ਉਹ ਮੁਲਾਜ਼ਮਾਂ ਨੂੰ ਬਡ਼ੇ ਭਾਵੁਕ ਤਰੀਕੇ ਨਾਲ ਸੰਬੋਧਨ ਕਰਦੇ ਰਹੇ ਜਿਸ ਤੋਂ ਬਾਅਦ ਬਠਿੰਡਾ ਦੇ ਲੋਕਾਂ ਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਕਾਂਗਰਸ ਸਰਕਾਰ ਥਰਮਲ ਬੰਦ ਨਹੀਂ ਕਰੇਗੀ। ਮਨਪ੍ਰੀਤ ਬਾਦਲ ਨੇ ਥਰਮਲ ਪਲਾਂਟ ਦੇ ਮਸਲੇ ਦਾ ਵੱਡਾ ਸਿਆਸੀ ਫ਼ਾਇਦਾ ਵੀ ਲਿਆ। ਉਹ ਕਿਹਾ ਕਰਦੇ ਸਨ ਕਿ ਜਦੋਂ ਉਹ ਬਾਦਲ ਪਿੰਡ ਤੋਂ ਚੱਲਦੇ ਹਨ ਤਾਂ ਥਰਮਲ ਦੀਆਂ ਬੰਦ ਪਈਆਂ ਚਿਮਨੀਆਂ ਉਸ ਦੇ ਦਿਲ ਨੂੰ ਧੂਹ ਪਾੳਂੁਦੀਆਂ ਹਨ। ਚੋਣਾਂ ਸਮੇਂ ਮੁਲਾਜ਼ਮਾਂ ਦੇ ਧਰਨੇ ਵਿਚ ਭਾਵੁਕ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ‘ਇਹ ਲੋਕਾਂ ਦੇ ਹੱਡ-ਮਾਸ ਨਾਲ ਬਣਿਆ ਐਂ, ਸਰਕਾਰ ਬਣਨ ’ਤੇ ਚਿਮਨੀਆਂ ’ਚੋਂ ਧੂੰਆਂ ਕੱਢਾਂਗੇ’। ਇਹ ਸਬੱਬ ਹੀ ਸੀ ਜਾਂ ਸਿਆਸਤ ਕਿ ਪੰਜਾਬ ਸਰਕਾਰ ਵੱਲੋਂ ਥਰਮਲ ਬੰਦ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਸਬ ਕਮੇਟੀ ਵਿਚ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਸਨ ਜਿਨ੍ਹਾਂ ਥਰਮਲ ਨੂੰ ਬੰਦ ਕਰਨ ਦਾ ਵਿਰੋਧ ਕਰਨ ਦੀ ਬਜਾਏ ਇਸ ਦੀ ਵਕਾਲਤ ਕੀਤੀ। ਮਨਪ੍ਰੀਤ ਬਾਦਲ ਹੁਣ ਤਰਕ ਦਿੰਦੇ ਹਨ ਕਿ ਥਰਮਲ ਨੂੰ ਚਲਾਉਣਾ ਘਾਟੇ ਦਾ ਸੌਦਾ ਹੈ।

ਕਾਂਗਰਸ ਨੂੰ ਭੁਗਤਣਾ ਪਵੇਗਾ ਖਮਿਆਜ਼ਾ : ਗਿੱਲ

ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਥਰਮਲ ਪਲਾਂਟ ਸਨਅਤੀ ਪ੍ਰਾਜੈਕਟ ਹੀ ਨਹੀਂ ਸੀ ਸਗੋਂ ਇਹ ਮਾਲਵਾ ਖੇਤਰ ਦੀ ਵਿਰਾਸਤ ਬਣ ਚੁੱਕਾ ਸੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਜਿੱਥੇ ਸ਼ਹਿਰ ਦੇ ਲੋਕਾਂ ਤੋਂ ਸਨਅਤੀ ਪ੍ਰਾਜੈਕਟ ਖੋਹ ਲਿਆ, ਉਥੇ ਹੀ ਬਠਿੰਡਾ ਦੀ ਵਿਰਾਸਤ ਨੂੰ ਖ਼ਤਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਥਰਮਲ ਬੰਦ ਕਰਨ ਲਈ ਬਰਾਬਰ ਦੇ ਦੋਸ਼ੀ ਹਨ। ਥਰਮਲ ਬੰਦ ਕਰਨ ਦਾ ਖਮਿਆਜ਼ਾ ਦੋਵਾਂ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।

ਥਰਮਲ ਬੰਦ ਕਰ ਕੇ ਦਿੱਤਾ ਧੋਖਾ

ਅਕਾਲੀ ਬਸਪਾ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਥਰਮਲ ਬੰਦ ਕਰਨ ਲਈ ਸਿੱਧੇ ਤੌਰ ’ਤੇ ਵਿੱਤ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਵਾਅਦੇ ਦੇ ਬਾਵਜੂਦ ਥਰਮਲ ਬੰਦ ਕਰ ਕੇ ਵਿੱਤ ਮੰਤਰੀ ਨੇ ਸ਼ਹਿਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੇ ਥਰਮਲ ਪਲਾਂਟ ਦੀ ਮਿਆਦ ਕਈ ਸਾਲ ਪਈ ਸੀ ਤੇ ਉਸ ਉੱਪਰ ਕਰੋਡ਼ਾਂ ਰੁਪਏ ਕੁਝ ਸਮਾਂ ਪਹਿਲਾਂ ਹੀ ਖ਼ਰਚ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਥਰਮਲ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਦੇ ਲੋਕ ਮਨਪ੍ਰੀਤ ਬਾਦਲ ਤੋਂ ਇਸ ਦਾ ਜਵਾਬ ਜ਼ਰੂਰ ਮੰਗਣਗੇ।

12 ਰੁਪਏ ਯੂਨਿਟ ਪੈਂਦੀ ਸੀ ਬਿਜਲੀ : ਵਿੱਤ ਮੰਤਰੀ

ਪੰਜਾਬ ਦੇ ਵਿੱਤ ਮੰਤਰੀ ਤੇ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਥਰਮਲ 50 ਸਾਲ ਪੁਰਾਣਾ ਹੋ ਚੁੱਕਾ ਸੀ। ਇਹ ਇਕ ਸਾਲ ’ਚ 18 ਤੋਂ 37 ਦਿਨ ਹੀ ਚੱਲਦਾ ਸੀ। ਕੇਂਦਰ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਲਗਾਤਾਰ ਇਸ ਨੂੰ ਬੰਦ ਕਰਨ ਲਈ ਕਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਥਰਮਲ ਤੋਂ ਪੈਦਾ ਹੋਣ ਵਾਲੀ ਬਿਜਲੀ ਪ੍ਰਤੀ ਯੂਨਿਟ 12 ਰੁਪਏ ਪੈਂਦੀ ਸੀ ਜਦੋਂ ਕਿ ਹੁਣ ਕੀਤੇ ਗਏ ਐਗਰੀਮੈਟਾਂ ਅਨੁਸਾਰ 2.33 ਪੈਸੇ ਯੂਨਿਟ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਮੁਲਾਜ਼ਮ ਨੂੰ ਨਹੀਂ ਹਟਾਇਆ ਗਿਆ। ਹੁਣ ਉਕਤ ਜਗ੍ਹਾ ’ਤੇ ਫਾਰਮਾਸਿਊਟੀਕਲ ਪਾਰਕ ਬਣੇਗਾ ਜਿਸ ਵਿਚ ਇਕ ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਦੇਸ਼ ਦੀ ਵਫ਼ਾਦਾਰੀ ਦੀ ਸੌਂਹ ਚੁੱਕੀ ਹੈ ਇਸ ਲਈ ਉਹ ਐਨੀ ਮਹਿੰਗੀ ਬਿਜਲੀ ਕਿਵੇਂ ਲੈਂਦੇ।

ਗੁਰੂ ਨਾਨਕ ਦੇਵ ਥਰਮਲ ਪਲਾਂਟ ਦਾ ਨੀਂਹ ਪੱਥਰ-ਨਵੰਬਰ 1969

ਪਹਿਲਾ ਯੂਨਿਟ ਚਾਲੂ – 1974

ਦੂਜਾ ਯੂਨਿਟ ਚਾਲੂ – 1975

ਤੀਜਾ ਯੂਨਿਟ ਚਾਲੂ – 1978

ਚੌਥਾ ਯੂਨਿਟ ਚਾਲੂ – 1979

Share This :

Leave a Reply