ਚੰਡੀਗੜ੍ਹ, ਮੀਡੀਆ ਬਿਊਰੋ: ਪੰਜਾਬ ਦੀ ਨਵੀਂ ਬਣੀ ਸਰਕਾਰ ਦੂਜੇ ਦਿਨ ਹੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਸਾਰੀਆਂ ਹੀ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਫ਼ਤਰ (ਸੀਐਮਓ) ਵਿੱਚ ਮੁੱਖ ਮੰਤਰੀ ਦੀ ਕੁਰਸੀ ਦੇ ਪਿਛਲੇ ਪਾਸੇ ਜੋੇ ਸ਼ੇਰ-ਏ-ਪੰਜਾਬ ਵਜੋਂ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਤੋਂ ਹਟਾਈ ਗਈ ਹੈ, ਉਸ ਨੂੰ ਮੁੜ ਤੋਂ ਲਗਾਈ ਜਾਵੇ। ਆਪ ਸਰਕਾਰ ਇਸ ਲਈ ਮਾਫੀ ਮੰਗੇ।
ਬੀਜੇਪੀ ਦੇ ਮੁੱਖ ਸਕੱਤਰ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਹਟਵਾ ਦਿੱਤੀ ਸੀ। ਉਸ ਨੂੰ ਮੁਡ਼ ਤੋਂ ਬਹਾਲ ਕੀਤਾ ਜਾਵੇ। ਉਨ੍ਹਾਂ ਇਕ ਟਵੀਟ ਵਿਚ ਬਾਦਲ ਤੇ ਕੈਪਟਨ ਦੀ ਫੋਟੋ ਨਾਲ ਤੁਲਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਦੇ ਦਫ਼ਤਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਲੱਗੀ ਸੀ, ਜੋ ਭਗਵੰਤ ਮਾਨ ਨੇ ਹਟਾ ਦਿੱਤੀ ਹੈ। ਇਹ ਮੁੱਦਾ ਹੁਣ ਸੋਸ਼ਲ ਮੀਡੀਆ ਦੇ ਨਾਲ ਨਾਲ ਸਿਆਸਤ ਵੀ ਗਰਮਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਡਾ. ਦਲਜੀਤ ਸਿੰੰਘ ਚੀਮਾ ਨੇ ਵੀ ਇਸ ਦਾ ਵਿਰੋਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਮਾਨ ਨੇ ਬੁੱਧਵਾਰ ਨੂੰ ਜਦੋਂ ਸੀਐਮਓ ਵਿੱਚ ਰਸਮੀ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ਸੀਐਮ ਦੀ ਕੁਰਸੀ ਦੇ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਦੀ ਬਜਾਏ ਸ਼ਹੀਦ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲੱਗੀਆਂ ਸਨ। ਇਸ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਹੈ।