ਪਟਿਆਲਾ, ਮੀਡੀਆ ਬਿਊਰੋ:
ਕੋਲੇ ਦੀ ਸਪਲਾਈ ਵਿੱਚ 31 ਫ਼ੀਸਦੀ ਦੀ ਕਮੀ ਪੀਐੱਸਪੀਸੀਐੱਲ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। 74.6 ਮੀਟ੍ਰਿਕ ਟਨ ਦੀ ਰੋਜ਼ਾਨਾ ਲੋਡ਼ ਹੈ ਤੇ ਬੁੱਧਵਾਰ ਨੂੰ ਸਿਰਫ 51 ਮੀਟ੍ਰਿਕ ਟਨ ਮਿਲਿਆ। ਲਹਿਰਾ ਅਤੇ ਗੋਇੰਦਵਾਲ ਵਿਖੇ 4-4, ਰਾਜਪੁਰਾ ਵਿਖੇ 20 ਅਤੇ ਤਲਵੰਡੀ ਵਿਖੇ 24 ਰੈਕ ਪੁੱਜੇ। ਰੋਪਡ਼ ਤਕ ਕੋਈ ਵੀ ਰੈਕ ਨਹੀਂ ਪਹੁੰਚਿਆ ਜੋ ਪੂਰੀ ਸਮਰੱਥਾ ਨਾਲ ਚੱਲ ਰਿਹਾ ਹੈ।
ਗੋਇੰਦਵਾਲ ਅਤੇ ਤਲਵੰਡੀ ਵਿਚ ਸਥਿਤੀ ਨਾਜ਼ੁਕ ਬਣੀ ਹੋਈ ਹੈ, ਜਿੱਥੇ ਇੱਕ ਦਿਨ ਤੋਂ ਵੀ ਘੱਟ ਸਟਾਕ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਇਕ ਯੂਨਿਟ ਮੁਰੰਮਤ ਤੋਂ ਬਾਅਦ ਸ਼ੁੱਕਰਵਾਰ ਨੂੰ ਚਲਾ ਦਿੱਤਾ ਗਿਆ ਹੈ। ਪੀਐੱਸਪੀਸੀਐੱਲ ਨੇ ਰਣਜੀਤ ਸਾਗਰ ਡੈਮ ਦੇ ਚੱਲ ਰਹੇ ਦੋ ਯੂਨਿਟ ਸਵੇਰੇ ਕੁਝ ਸਮਾਂ ਬੰਦ ਰਹੇ, ਇਨ੍ਹਾਂ ਵਿਚੋਂ ਇਕ ਯੂਨਿਟ ਦੁਪਹਿਰ ਸਮੇਂ ਚਲਾ ਦਿੱਤਾ ਗਿਆ ਅਤੇ ਲਹਿਰਾ ਮੁਹੱਬਤ ਪਲਾਂਟ ਦਾ ਇਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ।
ਅਧਿਕਾਰਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਇੰਦਵਾਲ ਨੂੰ ਕੋਲੇ ਦੀ ਸਪਲਾਈ ਭੁਗਤਾਨ ਦੇ ਅਨੁਸਾਰ ਹੈ, ਤਲਵੰਡੀ ਵਿੱਚ ਸਪਲਾਈ ਸੀਮਤ ਹੈ, ਰੇਲਵੇ ਨੇ ਕੋਲ ਇੰਡੀਆ ਦੀ ਇੱਕ ਸਹਾਇਕ ਕੰਪਨੀ ਅੱੈਮਸੀਐੱਲ ਤੋਂ ਰੈਕ ਦੀ ਸਪਲਾਈ ਵਧਾਉਣੀ ਹੈ। ਪੰਜਾਬ ਸਟਾਕ ਕਾਇਮ ਰੱਖਣ ’ਚ ਅਸਮਰੱਥ ਹੈ ਅਤੇ ਮਾਨਸੂਨ ਸੀਜ਼ਨ ਦੌਰਾਨ ਸਪਲਾਈ ’ਚ ਹੋਰ ਕਮੀ ਆਉਣ ਬਾਰੇ ਵੀ ਚਿੰਤਾਵਾਂ ਹਨ, ਜਦੋਂ ਖਾਣਾਂ ਵਿੱਚ ਹਡ਼੍ਹ ਆ ਜਾਂਦੇ ਹਨ।
ਸੂਤਰਾਂ ਅਨੁਸਾਰ ਪਿਛਲੇ ਸਾਲ 31 ਮਾਰਚ ਤੱਕ ਲਹਿਰਾ ਵਿੱਚ 23 ਦਿਨ, ਰੋਪਡ਼ ਵਿੱਚ 19 ਦਿਨ, ਗੋਇੰਦਵਾਲ ਵਿੱਚ 33 ਦਿਨ, ਤਲਵੰਡੀ ਵਿੱਚ 27 ਦਿਨ ਅਤੇ ਰਾਜਪੁਰਾ ਵਿੱਚ 39 ਦਿਨਾਂ ਦਾ ਸਟਾਕ ਸੀ। ਹਾਲਾਂਕਿ ਇਸ ਸਾਲ ਬੁੱਧਵਾਰ ਨੂੰ ਲਹਿਰਾ ਵਿਖੇ 15.7 ਦਿਨ, ਰੋਪਡ਼ ’ਚ 15.1 ਦਿਨ ਗੋਇੰਦਵਾਲ 0.5 ਦਿਨ, ਤਲਵੰਡੀ ਵਿੱਚ 0.8 ਦਿਨ ਅਤੇ ਰਾਜਪੁਰਾ ਵਿੱਚ 13.8 ਦਿਨ ਦਾ ਸਟਾਕ ਸੀ।
ਪੀਐਸਪੀਸੀਐਲ ਦੀ ਇੱਕ ਟੀਮ ਕੋਲ ਇੰਡੀਆ ਦੇ ਅਧਿਕਾਰੀਆਂ ਨਾਲ ਰਾਬਤਾ ਕਰ ਰਹੀ ਹੈ ਤਾਂ ਜੋ ਰਾਜ ਦੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਲੋਡ਼ੀਂਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਗਰਮੀ ਦੇ ਮੌਸਮ ਦੌਰਾਨ ਜਦੋਂ ਮੰਗ 16 ਹਜ਼ਾਰ ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ ਤਾਂ ਸੂਬੇ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਥਰਮਲ ਪਲਾਂਟਾਂ ’ਚ ਕੋਲੇ ਦੀ ਨਰਵਿਘਣ ਸਪਲਾਈ ਜ਼ਰੂਰੀ ਹੈ।