ਕੈਨੇਡਾ ਤੋਂ ਆਈ ਵੱਡੀ ਖ਼ਬਰ: ਮਿਸੀਸਾਗਾ ਸ਼ਹਿਰ ‘ਚ ਗੋਲੀਬਾਰੀ ਦੌਰਾਨ, ਇੱਕ ਦੀ ਮੌਤ 4 ਜਣੇ ਜ਼ਖਮੀ

ਮਿਸੀਸਾਗਾ (ਮੀਡੀਆ ਬਿਊਰੋ) : ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿੱਚ ਸ਼ਨਿੱਚਵਾਰ ਸ਼ਾਮ ਗੋਲੀਬਾਰੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀਲ ਪੁਲਿਸ ਦੀ ਮਹਿਲਾ ਅਧਿਕਾਰੀ ਕਾਂਸਟੇਬਲ ਡੈਨੀ ਮਾਰਟਿੰਨੀ ਨੇ ਦੱਸਿਆ ਕਿ ਬੀਤੇ ਦਿਨ ਦੇਰ ਸ਼ਾਮ 7 ਵਜੇ ਪੁਲਿਸ ਨੂੰ ਗਲੇਨ ਐਰਿਨ ਡਰਾਈਵ ਅਤੇ ਕਾਲਜਵੇਅ ਖੇਤਰ ਦੇ ਇੱਕ ਪਲਾਜ਼ਾ ‘ਚ ਗੋਲੀਬਾਰੀ ਹੋਣ ਸਬੰਧੀ ਸੂਚਨਾ ਮਿਲੀ। ਜਦੋਂ ਪੁਲਿਸ ਮੌਕੇ ‘ਤੇ ਪੁੱਜੀ ਤਾਂ ਉੱਥੇ ਪੰਜ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ, ਜਦਕਿ 4 ਵਿਅਕਤੀ ਜ਼ਖਮੀ ਹਾਲਤ ‘ਚ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਜਾਂਚ ਲਈ ਹੋਮੀਸਾਈਡ ਬਿਊਰੋ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ।

ਮਹਿਲਾ ਪੁਲਿਸ ਅਧਿਕਾਰੀ ਡੈਨੀ ਮਾਰਟਿੰਨੀ ਨੇ ਦੱਸਿਆ ਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਘਟਨਾ ਨੂੰ ਕਿੰਨੇ ਹਮਲਾਵਰਾਂ ਨੇ ਅੰਜਾਮ ਦਿੱਤਾ। ਹਾਲਾਂਕਿ ਇਹ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਪੈਦਲ ਹੀ ਫਰਾਰ ਹੋਏ, ਪਰ ਪੁਲਿਸ ਕੋਲ ਉਨ੍ਹਾਂ ਬਾਰੇ ਹੋਰ ਜ਼ਿਆਦਾ ਕੋਈ ਜਾਣਕਾਰੀ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੰਭੀਰਤਾ ਨਾਲ ਤਹਿਕੀਕਾਤ ਕਰਦਿਆਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਕਿਸੇ ਕੋਲ ਵੀ ਵਾਰਦਾਤ ਵਾਲੀ ਸ਼ਾਮ ਦੀ ਕੋਈ ਵੀ ਡੈਸ਼ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਜ਼ਰੂਰ ਕਰੇ ਤਾਂ ਜਲਦ ਤੋਂ ਜਲਦ ਹਮਲਾਵਰਾਂ ਨੂੰ ਕਾਬੂ ਕੀਤਾ ਜਾ ਸਕੇ।

Share This :

Leave a Reply