ਲੁਧਿਆਣਾ, ਮੀਡੀਆ ਬਿਊਰੋ:
ਕਸਟਮ ਵਿਭਾਗ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਇੱਕ ਯਾਤਰੀ ਨੂੰ ਦੋ ਕਿਲੋ ਸੌ ਗ੍ਰਾਮ ਸੋਨੇ ਸਮੇਤ ਕਾਬੂ ਕੀਤਾ ਹੈ। ਇਸ ਸੋਨੇ ਦੀ ਕੀਮਤ ਇੱਕ ਕਰੋੜ ਤਿੰਨ ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਕਮਿਸ਼ਨਰ ਵਰਿੰਦਬਾ ਗੋਹਿਲ ਦੀ ਦੇਖ-ਰੇਖ ਹੇਠ ਕੀਤੀ ਗਈ ਇਸ ਕਾਰਵਾਈ ਵਿੱਚ ਮੋਹਾਲੀ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਇਹ ਸਫਲਤਾ ਹਾਸਲ ਹੋਈ ਹੈ। ਇਹ ਜ਼ਬਤ ਵਿਭਾਗ ਦੀ ਟੀਮ ਵੱਲੋਂ ਇੱਕ ਪੁਰਸ਼ ਯਾਤਰੀ ਦੇ ਸਮਾਨ ਦੀ ਸਕਰੀਨਿੰਗ ਦੌਰਾਨ ਕੀਤੀ ਗਈ।
ਏਅਰ ਇੰਡੀਆ ਦੀ ਫਲਾਈਟ ‘ਚ ਸ਼ਾਰਜਾਹ ਤੋਂ ਆਇਆ ਸੀ ਯਾਤਰੀ
ਇਹ ਯਾਤਰੀ ਸ਼ਾਰਜਾਹ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਸਫਰ ਕਰਕੇ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਜਦੋਂ ਵਿਭਾਗੀ ਅਧਿਕਾਰੀਆਂ ਨੂੰ ਸਾਮਾਨ ਦੀ ਸਕਰੀਨਿੰਗ ਦੌਰਾਨ ਸ਼ੱਕ ਹੋਇਆ ਤਾਂ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ 2100 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ ਇੱਕ ਕਰੋੜ ਤਿੰਨ ਲੱਖ ਰੁਪਏ ਬਣਦੀ ਹੈ, ਬਿਨਾਂ ਡਿਊਟੀ ਦਿੱਤੇ ਤਸਕਰੀ ਦੇ ਰੂਪ ਵਿੱਚ ਲਿਆਂਦਾ ਗਿਆ ਹੈ। ਇਹ ਸੋਨਾ ਚਿੱਟੀ ਮੈਡੀਕਲ ਟੇਪ ਵਿੱਚ ਲਪੇਟ ਕੇ ਲਿਆਂਦਾ ਗਿਆ ਸੀ। ਯਾਤਰੀ ਨੂੰ ਕਸਟਮ ਐਕਟ 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਵਿਭਾਗ ਵੱਲੋਂ ਗ੍ਰਿਫਤਾਰ ਯਾਤਰੀ ਦਾ ਨਾਂ ਅਤੇ ਪਤਾ ਜਨਤਕ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਜਾਂਚ ਜਾਰੀ ਹੈ। ਯਾਤਰੀ ਤੋਂ ਅਜੇ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ।
ਤਸਕਰੀ ਰੋਕਣ ਲਈ ਏਅਰਪੋਰਟ ‘ਤੇ ਤਾਇਨਾਤ ਕਸਟਮ ਸਟਾਫ਼
ਜ਼ਿਕਰਯੋਗ ਹੈ ਕਿ ਤਸਕਰੀ ਨੂੰ ਰੋਕਣ ਲਈ ਪਿਛਲੇ ਇੱਕ ਮਹੀਨੇ ਤੋਂ ਚੰਡੀਗੜ੍ਹ ਏਅਰਪੋਰਟ ‘ਤੇ ਲੁਧਿਆਣਾ ਕਸਟਮ ਸਟਾਫ਼ ਤਾਇਨਾਤ ਹੈ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਵੀ 11 ਲੱਖ ਰੁਪਏ ਦਾ ਸੋਨਾ, 4 ਜਨਵਰੀ ਨੂੰ ਇਕ ਔਰਤ ਕੋਲੋਂ 4.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਸੀ। ਵਿਭਾਗ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਦੀਆਂ ਟੀਮਾਂ ਚੌਕਸ ਹਨ ਅਤੇ ਸਕਰੀਨਿੰਗ ਦੌਰਾਨ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।