ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਦੇ ਤੱਟੀ ਖੇਤਰ ਵਿਚ ਤੇਲ ਦੀ ਪਰਤ ਨੇ ਵਾਤਾਵਰਣ ਤੇ ਜੰਗਲੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਤੇਲ ਦੀ ਪਰਤ ਕਾਰਨ ਇਕ ਜੰਗਲੀ ਰੱਖ ਤਬਾਹ ਹੋ ਗਈ ਹੈ ਤੇ ਇਹ ਪਰਤ ਬਹੁਤ ਸਾਰੀਆਂ ਮੱਛੀਆਂ ਤੇ ਪੰਛੀਆਂ ਦੀ ਮੌਤ ਦਾ ਕਾਰਨ ਬਣੀ ਹੈ। ਇਸ ਪਰਤ ਨੇ ਹੰਟਿੰਗਟਨ ਬੀਚ ਤੱਕ ਸਮੁੰਦਰੀ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੈਸੀਫਿਕ ਓਸ਼ੀਅਨ ਵਿਚ ਅਚਾਨਕ 3000 ਬੈਰਲ ਤੇਲ ਆ ਜਾਣ ਦੇ ਸਿੱਟੇ ਵਜੋਂ ਦੱਖਣੀ ਕੈਲੀਫੋਰਨੀਆ ਦੇ ਤੱਟੀ ਖੇਤਰ ਵਿਚ ਇਹ ਸਮੱਸਿਆ ਪੈਦਾ ਹੋਈ ਹੈ।
ਓਰੇਂਜ ਕਾਊਂਟੀ ਦੇ ਸੁਪਰਵਾਈਜ਼ਰ ਕੈਟਰੀਨਾ ਫੋਲੇ ਨੇ ਕਿਹਾ ਹੈ ਕਿ ਹੰਟਿੰਗਟਨ ਬੀਚ ਦੇ ਕੰਢੇ ਤੋਂ ਤਕਰੀਬਨ 5 ਕਿਲੋਮੀਟਰ ਦੂਰ ਪਾਈਲਾਈਨ ਵਿਚ ਦਰਾਰ ਆ ਜਾਣ ਕਾਰਨ ਤੇਲ ਦਾ ਰਿਸਾਵ ਸਮੁੰਦਰ ਵਿਚ ਹੋਇਆ ਹੈ। ਉਨਾਂ ਕਿਹਾ ਕਿ ਮਰੀਆਂ ਮੱਛੀਆਂ ਤੇ ਪੰਛੀਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਫੋਲੇ ਅਨੁਸਾਰ ਇਸ ਹਾਦਸੇ ਕਾਰਨ ਜੰਗਲੀ ਜੀਵਨ ਉਪਰ ਵਰਣਨਯੋਗ ਮਾਰੂ ਅਸਰ ਪਿਆ ਹੈ। ਉਨਾਂ ਕਿਹਾ ਕਿ ਸਮੁੱਚੇ ਲੋਕਾਂ ਦੀ ਦਹਾਕਿਆਂ ਦੀ ਮਿਹਨਤ ਉਪਰੰਤ ਜੰਗਲੀ ਜੀਵਾਂ ਦੀ ਇਹ ਕੁੱਦਰਤੀ ਰੱਖ ਬਣਾਈ ਗਈ ਸੀ ਜੋ ਇਸ ਸਮੇ ਮੁਕੰਮਲ ਰੂਪ ਵਿਚ ਤਬਾਹ ਹੋ ਚੁੱਕੀ ਹੈ। ਯੁਨਾਈਟਿਡ ਸਟੇਟਸ ਕੋਸਟ ਗਾਰਡ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਹੁਣ ਤੱਕ 1218 ਗੈਲਨ ਤੇਲ ਤੇ ਪਾਣੀ ਦਾ ਮਿਸ਼ਰਣ ਕੱਢਿਆ ਜਾ ਚੁੱਕਾ ਹੈ ਤੇ ਸੰਘੀ ਤੇ ਰਾਜ ਅਧਿਕਾਰੀਆਂ ਵੱਲੋਂ ਆਪਰੇਸ਼ਨ ਮੁਕੰਮਲ ਹੋਣ ਦਾ ਐਲਾਨ ਕਰਨ ਉਪੰਰਤ ਹੀ ਸਮੁੰਦਰ ਵਿਚੋਂ ਤੇਲ ਦੀ ਪਰਤ ਨੂੰ ਹਟਾਉਣ ਦਾ ਕੰਮ ਰੋਕਿਆ ਜਾਵੇਗਾ।
ਇਸੇ ਦੌਰਾਨ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਐਲਾਨ ਕੀਤਾ ਹੈ ਕਿ ਤੇਲ ਰਿਸਣ ਦੇ ਕਾਰਨ ਸਬੰਧੀ ਜਾਂਚ ਪੜਤਾਲ ਲਈ ਅਧਿਕਾਰੀ ਮੌਕੇ ਉਪਰ ਜਾਣਗੇ ਤੇ ਹਾਦਸੇ ਸਬੰਧੀ ਮੁਕੰਮਲ ਜਾਣਕਾਰੀ ਇਕੱਠੀ ਕਰਨਗੇ। ਹੋਸਟਨ ਦੀ ਗੈਸ ਕੰਪਨੀ ਐਮਪਲੀਫਾਈ ਏਨਰਜੀ ਜੋ ਕਿ ਪਾਈਪ ਲਾਈਨ ਦੀ ਮਾਲਕ ਹੈ, ਦੇ ਪ੍ਰਧਾਨ ਤੇ ਸੀ ਈ ਓ ਮਾਰਟਿਨ ਵਿਲਸ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੇਲ ਦੀ ਪਰਤ ਹੰਟਿੰਗਟਨ ਬੀਚ ਤੇ ਨਿਊਪੋਰਟ ਬੀਚ ਵਿਚਾਲੇ ਫੈਲੀ ਹੈ। ਉਨਾਂ ਕਿਹਾ ਕਿ ਕੰਪਨੀ ਸਥਾਨਕ ਲੋਕਾਂ, ਰਾਜ ਤੇ ਸੰਘੀ ਏਜੰਸੀਆਂ ਨਾਲ ਮਿਲਕੇ ਕੰਮ ਕਰ ਰਹੀ ਹੈ ਤਾਂ ਜੋ ਤੇਲ ਰਿਸਾਵ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਾਡੇ ਮੁਲਾਜ਼ਮ ਨਿਰੰਤਰ ਤੇਲ ਦੀ ਪਰਤ ਹਟਾਉਣ ਦੇ ਕੰਮ ਵਿਚ ਜੁਟੇ ਹੋਏ ਹਨ।