ਗੁਰਦਾਸਪੁਰ, ਮੀਡੀਆ ਬਿਊਰੋ:
ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ‘ਚ ਹਾਲਾਤ ਅੱਜ ਉਸ ਵੇਲੇ ਤਣਾਅਪੂਰਨ ਹੋ ਗਏ ਜਦੋਂ ਇਕ ਵਿਅਕਤੀ ਨੇ ਭਗਵਾਨ ਸ਼ਿਵ ਦੀ ਮੂਰਤੀ ਦੀ ਫੋਟੋ ਦੀ ਬੇਅਦਬੀ ਕਰ ਦਿੱਤੀ।
ਜਾਣਕਾਰੀ ਅਨੁਸਾਰ ਅੱਜ ਨਵਰਾਤੇ ਅਸ਼ਟਮੀ ਮੌਕੇ ਕਸਬਾ ਦੋਰਾਂਗਲਾ ‘ਚ ਹਿੰਦੂ ਭਗਤਾਂ ਨੇ ਮਾਤਾ ਰਾਣੀ ਮੰਦਰ ਸਾਹਮਣੇ ਲੰਗਰ ਲਗਾਇਆ ਹੋਇਆ ਸੀ। ਇਸ ਮੌਕੇ ਅਚਾਨਕ ਇਕ ਵਿਅਕਤੀ ਆਇਆ ਜਿਸ ਨੇ ਮਾਤਾ ਰਾਣੀ ਦੀ ਤਸਵੀਰ ਨਾਲ ਬੇਅਦਬੀ ਕਰ ਦਿੱਤੀ। ਇਹ ਵਰਤਾਰਾ ਦੇਖਦਿਆਂ ਹੀ ਮੌਕੇ ‘ਤੇ ਮੌਜੂਦ ਸੈਂਕੜੇ ਹਿੰਦੂ ਭਗਤਾਂ ਦੀਆਂ ਭਾਵਨਾਵਾਂ ਭੜਕ ਪਈਆਂ। ਉਨ੍ਹਾਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੀ ਖੂਬ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਆਪਣੀ ਹਿਰਾਸਤ ‘ਚ ਲਿਆ।
ਪੁਲਿਸ ਨੂੰ ਦੇਖਦਿਆਂ ਲੋਕਾਂ ਦੀਆਂ ਭਾਵਨਾਵਾਂ ਹੋਰ ਵੀ ਭੜਕ ਪਈਆਂ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਤੇ ਹਰ-ਹਰ ਮਹਾਦੇਵ ਦੇ ਜੈਕਾਰੇ ਛੱਡੇ। ਦੂਜੇ ਪਾਸੇ ਬੇਅਦਬੀ ਕਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਫ਼ਾਈ ਦਿੱਤੀ ਜਾ ਰਹੀ ਹੈ ਕਿ ਬੇਅਦਬੀ ਕਰਨ ਵਾਲਾ ਸ਼ਖ਼ਸ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।