ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਇੰਜੀਨੀਅਰਿੰਗ ਕਾਲਜ (PEC) ਡੀਮਡ ਟੂ ਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਸੇਵਾਮੁਕਤੀ ਮਾਮਲੇ ’ਚ ਵੱਡਾ ਝਟਕਾ ਲੱਗਾ ਹੈ। PEC ਪ੍ਰੋਫੈਸਰ ਫਿਲਹਾਲ 62 ਸਾਲ ਦੀ ਉਮਰ ’ਚ ਹੀ ਰਿਟਾਇਰ ਹੋਣਗੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੇਵਾਮੁਕਤੀ ਲਈ ਕੁਝ ਪ੍ਰੋਫੈਸਰਾਂ ਨੂੰ ਦਿੱਤੀ ਗਈ ਸਟੇਅ ਹਟਾ ਲਈ ਹੈ। ਸੂਤਰਾਂ ਮੁਤਾਬਕ ਪੈੱਕ ਪ੍ਰਸ਼ਾਸਨ ਨੇ ਇਸ ਮਾਮਲੇ ’ਚ ਹਾਈ ਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਤੁਰੰਤ ਤਿੰਨ ਪ੍ਰੋਫੈਸਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਮਾਮਲੇ ’ਚ ਅਗਲੀ ਸੁਣਵਾਈ ਪੰਜ ਅਪ੍ਰੈਲ ਨੂੰ ਹੋਵੇਗੀ।
ਸੂਤਰਾਂ ਮੁਤਾਬਕ PEC ਦੇ ਸਿਵਲ ਇੰਜੀਨੀਅਰਿੰਗ ਵਿਭਾਗ ’ਚ ਪ੍ਰੋਫੈਸਰ ਤ੍ਰਿਪਤਾ ਕੁਮਾਰੀ ਗੋਇਲ ਤੇ ਮੁਹੰਮਦ ਅਫਕ ਆਲਮ ਤੋਂ ਇਲਾਵਾ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਨਗੇਂਦਰ ਸਾਹ ਨੇ 62 ਸਾਲ ਦੀ ਉਮਰ ਤੋਂ ਬਾਅਦ ਵੀ ਏਆਈਸੀਈਟੀ ਨਿਯਮਾਂ ਦਾ ਹਵਾਲਾ ਦਿੰਦਿਆਂ ਸੇਵਾਮੁਕਤੀ ਉਮਰ 62 ਤੋਂ 65 ਸਾਲ ਕੀਤੇ ਜਾਣ ਦੀ ਮੰਗ ਕੀਤੀ ਸੀ। ਤਿੰਨਾਂ ਨੂੰ ਹਾਈ ਕੋਰਟ ਵੱਲੋਂ ਸਟੇਅ ਮਿਲੀ ਸੀ, ਪਰ ਹੁਣ ਅਦਾਲਤ ਨੇ ਇਸ ਮਾਮਲੇ ’ਚ ਸਟੇਅ ਹਟਾ ਲਈ ਹੈ। ਜਿਸ ਤੋਂ ਬਾਅਦ ਪੈੱਕ ਨੇ ਤਿੰਨਾਂ ਨੂੰ ਕਾਰਜਮੁਕਤ ਕਰ ਦਿੱਤਾ।