ਅੰਮ੍ਰਿਤਸਰ, ਮੀਡੀਆ ਬਿਊਰੋ:
ਨਿੱਜੀ ਸਕੂਲਾਂ (Private Schools) ਖਿਲਾਫ ਮਿਲੀਆਂ ਸ਼ਿਕਾਇਤਾਂ ਦੇ ਬਾਅਦ ਸੂਬਾ ਸਰਕਾਰ (Punjab Govt) ਵਲੋਂ ਜਾਰੀ ਪੱਤਰ ਦੇ ਬਾਅਦ ਸੋਮਵਾਰ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਹਰਕਤ ਵਿਚ ਆ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ (Jugraj Singh Randhawa) ਅਤੇ ਡੀਈਓ ਐਲੀਮੈਂਟਰੀ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਜਿਲ੍ਹੇ ਵਿਚ ਪੰਦਰਾਂ ਜਾਂਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਟੀਮਾਂ ਜ਼ਿਲ੍ਹੇ ਦੇ 720 ਨਿੱਜੀ ਸਕੂਲਾਂ ਵਿਚ ਆਪਣਾ ਚੈਕਿੰਗ ਅਭਿਆਨ ਸ਼ੁਰੂ ਕਰਨਗੀਆਂ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਸਕੂਲ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਜਾਂਚ ਟੀਮਾਂ ਦੀ ਮਾਨੀਟਰਿੰਗ ਦਾ ਜਿੰਮਾ ਡੀਈਓ ਸੈਕੰਡਰੀ ਅਤੇ ਡੀਈਓ ਐਲੀਮੈਂਟਰੀ ’ਤੇ ਰਹੇਗਾ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਸੀਬੀਐੱਸਈ, ਆਈਸੀਆਈਸੀ ਤੇ ਪੀਐੱਸਈਬੀ ਨਾਲ ਸਬੰਧਤ ਸਕੂਲ ਮਨਮਰਜ਼ੀ ਨਾਲ ਫੀਸਾਂ ਵਿਚ ਵਾਧਾ ਕਰ ਮਾਪਿਆਂ ’ਤੇ ਬੋਝ ਪਾ ਰਹੇ ਸਨ। ਇਸ ਦੇ ਇਲਾਵਾ ਮਾਪਿਆਂ ਨੂੰ ਸਟੇਸ਼ਨਰੀ ਯੂਨੀਫਾਰਮ ਅਤੇ ਹੋਰ ਸਮੱਗਰੀ ਲੈਣ ਲਈ ਸਕੂਲ ਤੋਂ ਹੀ ਮਜ਼ਬੂਰ ਕਰ ਰਹੇ ਸਨ। ਪਿਛਲੇ ਦਿਨੀਂ ਪੁਤਲੀਘਰ ਸਥਿਤ ਦੋ ਸਕੂਲਾਂ ਅਤੇ ਸ਼ਹਿਰ ਦੇ ਸਕੂਲਾਂ ਦੇ ਖਿਲਾਫ ਮਾਪਿਆਂ ਨੇ ਅੰਦੋਲਨ ਚਲਾਇਆ ਸੀ। ਇਕ ਵਾਰ ਤਾਂ ਮਾਪਿਆਂ ਨੇ ਰੋਸ ਵਿਚ ਆ ਕੇ ਡੀਈਓ ਦਫਤਰ ਵਿਚ ਹੀ ਹੰਗਾਮਾ ਕਰ ਦਿੱਤਾ ਸੀ। ਸਕੂਲਾਂ ਦੀ ਮਨਮਰਜੀ ਦੇ ਕਾਰਨ ਮਾਪਿਆਂ ਵਿਚ ਭਾਰੀ ਰੋਸ ਹੈ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਚੈਕਿੰਗ ਲਈ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਟੀਮਾਂ ਵਿਚ ਬਲਾਕ ਨੋਡਲ ਅਧਿਕਾਰੀ ਇਕ ਪ੍ਰਿੰਸੀਪਲ, ਇਕ ਬਲਾਕ ਸਿੱਖਿਆ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਬਣਾਈ ਗਈ ਹੈ। ਟੀਮਾਂ ਨੂੰ ਸਾਰੇ ਸਕੂਲਾਂ ਵਿਚ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਇਸ ਦੇ ਇਲਾਵਾ ਜਿਸ ਸਕੂਲ ਵਿਚ ਕਮੀ ਪਾਈ ਜਾਂਦੀ ਹੈ ਉਸ ਦੇ ਖਿਲਾਫ ਤੁਰੰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਜੇਕਰ ਜਾਂਚ ਵਿਚ ਕਿਸੇ ਸਕੂਲ ਦੇ ਖਿਲਾਫ ਕੋਈ ਵੱਡੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਸਾਰੇ ਅਧਿਕਾਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਜਾਂਚ ਟੀਮ ਵੀ ਗਲਤ ਢੰਗ ਨਾਲ ਕੰਮ ਕਰਦੀ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਟੀਮਾਂ ਦੀ ਅਧਿਕਾਰੀਆਂ ਨਾਲ ਹੋਈ ਮੀਟਿੰਗ
ਉੱਧਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਾਰੇ ਟੀਮਾਂ ਦੇ ਨਾਲ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ। ਸਰਕਾਰੀ ਨਿਰਦੇਸ਼ਾਂ ਦੇ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਹੈ। ਹੁਣ ਤੱਕ 2 ਦਰਜਨ ਤੋਂ ਜ਼ਿਆਦਾ ਸਕੂਲਾਂ ਦੀ ਚੈਕਿੰਗ ਹੋ ਚੁੱਕੀ ਹੈ। ਰਾਜੇਸ਼ ਸ਼ਰਮਾ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਬਿਨਾਂ ਦਬਾਅ ਦੇ ਸਕੂਲਾਂ ਦੀ ਚੈਕਿੰਗ ਕੀਤੀ ਜਾਵੇ ਤੇ ਜੋ ਸੱਚਾਈ ਨਾਲ ਸਬੰਧਤ ਰਿਪੋਰਟ ਹੈ ਉਹ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹੇ ਦੇ 720 ਸਕੂਲਾਂ ਦੀ 1 ਹਫ਼ਤੇ ’ਚ ਹੋਵੇਗੀ ਚੈਕਿੰਗ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 720 ਤੋਂ ਜ਼ਿਆਦਾ ਪ੍ਰਾਈਵੇਟ ਸਕੂਲ ਹਨ। ਇਨ੍ਹਾਂ ਸਕੂਲਾਂ ਦੀ ਚੈਕਿੰਗ 1 ਹਫ਼ਤੇ ਵਿਚ ਮੁਕੰਮਲ ਕਰ ਲਈ ਜਾਵੇਗੀ।
ਸਕੂਲਾਂ ਨੂੰ ਦੱਸਣਾ ਹੋਵੇਗਾ ਯੂਨੀਫਾਰਮ ਤੇ ਕਿਤਾਬਾਂ ਕਿੱਥੋਂ ਖਰੀਦ ਰਹੇ ਵਿਦਿਆਰਥੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਸਕੂਲਾਂ ਤੋਂ ਪੁੱਛਿਆ ਜਾਵੇ ਕਿ ਉਨ੍ਹਾਂ ਦੇ ਸਕੂਲਾਂ ਦੇ ਵਿਦਿਆਰਥੀ ਯੂਨੀਫਾਰਮ ਅਤੇ ਕਿਤਾਬਾਂ ਕਿੱਥੋ ਖਰੀਦ ਰਹੇ ਹਨ। ਕੀ ਸਕੂਲਾਂ ਦਾ ਉਸ ਦੁਕਾਨਦਾਰ ਦੇ ਨਾਲ ਕੋਈ ਸੈਟਿੰਗ ਹੈ। ਕੀ ਬੋਰਡ ਦੁਆਰਾ ਨਿਰਧਾਰਤ ਕੀਤੀ ਗਈ ਕਿਤਾਬਾਂ ਸਕੂਲਾਂ ਵਿਚ ਲਗਾਈਆਂ ਗਈਆਂ ਹਨ ਕਿ ਨਹੀਂ। ਕੀ ਯੂਨੀਫਾਰਮ ਨੂੰ ਵਾਰ-ਵਾਰ ਬਦਲਿਆ ਤਾਂ ਨਹੀਂ ਜਾ ਰਿਹਾ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸਦੇ ਇਲਾਵਾ ਅਧਿਕਾਰੀਆਂ ਨੂੰ ਹੋਰ ਵੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪ੍ਰਾਈਵੇਟ ਸਕੂਲਾਂ ਨੂੰ ਪ੍ਰੋਫਾਰਮਾ ਏ ’ਚ ਦੇਣੀ ਹੋਵੇਗੀ ਜਾਣਕਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਰੇ ਸਕੂਲਾਂ ਨੂੰ ਵਿਭਾਗ ਦੁਆਰਾ ਬਣਾਏ ਗਏ ਪ੍ਰੋਫਾਰਮਾ ਵਿਚ ਜਾਣਕਾਰੀ ਦੇਣੀ ਹੋਵੇਗੀ। ਇਸ ਪ੍ਰੋਫਾਰਮਾ ਕਿਤਾਬਾਂ, ਯੂਨੀਫਾਰਮ, ਐੱਮਐੱਮਸੀ, ਟਰਾਂਸਪੋਰਟ, ਸਕੂਲ ਸੇਫਟੀ ਵਾਹਨ ਆਦਿ ਸ਼ਾਮਿਲ ਹਨ। ਪ੍ਰੋਫਾਰਮਾ ਸਾਰੇ ਸਕੂਲਾਂ ਨੂੰ ਭਰਨਾ ਲਾਜਮੀ ਹੈ। ਜੇਕਰ ਕੋਈ ਸਕੂਲ ਪ੍ਰੋਫਾਰਮਾ ਬਣਨ ਤੋਂ ਮਨ੍ਹਾ ਕਰਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਸਕੂਲ ਮੁੱਖੀ ਜਾਣਕਾਰੀ ਸਰਕਾਰ ਨੂੰ ਉਪਲੱਬਧ ਨਹੀਂ ਕਰਵਾਉਣਾ ਚਾਹੁੰਦਾ। ਨਿਯਮਾਂ ਦੇ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ ਤੁਰੰਤ ਅਮਲ ਵਿਚ ਲਿਆਂਦੀ ਜਾਵੇਗੀ।
ਸਕੂਲਾਂ ਨੂੰ ਜਮ੍ਹਾਂ ਕਰਵਾਉਣੀ ਪਵੇਗੀ ਬੈਲੇਂਸ ਸ਼ੀਟ
ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਾਰੇ ਸਕੂਲਾਂ ਨੂੰ ਆਪਣੀ ਬੈਲੇਂਸ ਸ਼ੀਟ ਜਮ੍ਹਾ ਕਰਵਾਉਣੀ ਹੋਵੇਗੀ। ਸ਼ੀਟ ਵਿਚ ਪੈਸਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਇਲਾਵਾ ਸਾਰੇ ਸਕੂਲ ਇਹ ਵੀ ਦੱਸਣਗੇ ਕਿ ਉਨ੍ਹਾਂ ਨੇ ਕਿੰਨਾ ਸਟਾਫ ਰੱਖਿਆ ਹੈ ਅਤੇ ਸਟਾਫ ਨੂੰ ਕਿਸ ਮਾਪਦੰਡ ਅਨੁਸਾਰ ਤਨਖਾਹ ਦਿੱਤੀ ਜਾ ਰਹੀ ਹੈ। ਜੇਕਰ ਸਰਕਾਰੀ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਤੁਰੰਤ ਐਕਸ਼ਨ ਲਿਆ ਜਾਵੇਗਾ।