ਲੁਧਿਆਣਾ, ਮੀਡੀਆ ਬਿਊਰੋ:
ਹੁਣ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ ਕਿਉਂਕਿ ਸਮੱਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਸਕੂਲ ਤੋਂ ਬਾਹਰ ਬੱਚਿਆਂ ਦਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿੱਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਸ਼ਾਮਲ ਹੋ ਗਿਆ ਹੈ। ਇਹ ਸਰਵੇਖਣ ਸਾਲ 2022-23 ਲਈ ਹੈ। ਇਹ ਸਰਵੇ ਘਰ-ਘਰ ਜਾ ਕੇ ਕੀਤਾ ਜਾਵੇਗਾ ਜਿਸ ਲਈ ਵਿਭਾਗ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ ਸੂਬਪਾ ਸਰਕਾਰ, ਸਥਾਨਕ ਅਥਾਰਟੀ ਜਾਂ ਐਸ.ਐਮ.ਸੀ ਤੇ ਸੰਸਥਾ ਦੇ ਮੁਖੀ ਆਪੋ-ਆਪਣੇ ਖੇਤਰ ‘ਚ 6 ਤੋਂ 19 ਸਾਲ ਦੇ ਬੱਚਿਆਂ ਨੂੰ ਦੇਖਣਗੇ ਕਿ ਕੋਈ ਵੀ ਸਕੂਲ ਤੋਂ ਬਾਹਰ ਨਾ ਹੋਵੇ। ਸਰਵੇਖਣ ਤੋਂ ਬਾਅਦ ਸਮੱਗਰ ਸਿੱਖਿਆ ਅਭਿਆਨ ਵੱਲੋਂ ਇਕ ਮੁਹਿੰਮ ਚਲਾਈ ਜਾਵੇਗੀ, ਜਿਸ ਤੋਂ ਬਾਅਦ ਬੱਚਿਆਂ ਨੂੰ ਨੇੜਲੇ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।
AIE, EGS ਵਾਲੰਟੀਅਰ ਕਰਨਗੇ ਸਰਵੇਖਣ
ਹਰੇਕ ਖੇਤਰ ‘ਚ ਪੈਂਦੇ ਸਕੂਲਾਂ ‘ਚ ਤਾਇਨਾਤ AIE, EGS, STR ਵਾਲੰਟੀਅਰ ਸਰਵੇ ਕਰਨਗੇ। ਜਿਹੜੇ ਬੱਚੇ ਸਰਵੇਖਣ ‘ਚ ਸ਼ਾਮਲ ਕੀਤੇ ਜਾਣਗੇ, ਉਨ੍ਹਾਂ ਦੀ ਜਾਣਕਾਰੀ ਸਿੱਖਿਆ, ਪੇਂਡੂ ਤੇ ਵਾਰਡ ਸਿੱਖਿਆ ਦੇ ਰਜਿਸਟਰ ‘ਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਮੇਂ-ਸਮੇਂ ‘ਤੇ ਇਨ੍ਹਾਂ ਬੱਚਿਆਂ ਦੀ ਵੈਰੀਫਿਕੇਸ਼ਨ ਕੀਤੀ ਜਾ ਸਕੇ। ਇਹ ਸਰਵੇ ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ, ਭੱਠਿਆਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਨਵੀਆਂ ਬਣੀਆਂ ਥਾਵਾਂ ’ਤੇ ਕੰਮ ਕਰਨ ਵਾਲੇ ਸਕੂਲ ਤੋਂ ਬਾਹਰ ਦੇ ਬੱਚਿਆਂ ਲਈ ਕੀਤਾ ਜਾਵੇਗਾ।
ਸਕੂਲ ਮੁਖੀ, ਬੀਪੀਓਜ਼ ਤੇ ਡੀਈਓਜ਼ ਦੀ ਰਹੇਗੀ ਅਹਿਮ ਭੂਮਿਕਾ
ਸਕੂਲ ਮੁਖੀਆਂ, ਬਲਾਕ ਪ੍ਰਾਇਮਰੀ ਅਫ਼ਸਰਾਂ (ਬੀਪੀਓਜ਼) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਪ੍ਰਾਇਮਰੀ ਦੀ ਸਕੂਲ ਤੋਂ ਬਾਹਰ ਬੱਚਿਆਂ ਦੇ ਸਰਵੇਖਣ ਦੌਰਾਨ ਅਹਿਮ ਭੂਮਿਕਾ ਹੋਵੇਗੀ। ਉਕਤ ਵਲੰਟੀਅਰਾਂ ਵੱਲੋਂ ਸਕੂਲ ਤੋਂ ਬਾਹਰ ਦੇ ਬੱਚਿਆਂ ਦਾ ਜੋ ਵੀ ਵੇਰਵਾ ਦਿੱਤਾ ਜਾਵੇਗਾ, ਸਕੂਲ ਮੁਖੀ 4 ਫਰਵਰੀ ਤਕ ਰਜਿਸਟਰ ‘ਚ ਦਰਜ ਕਰਨਗੇ। ਸਰਵੇਖਣ ‘ਚ ਪਾਏ ਗਏ ਬੱਚਿਆਂ ਦੇ 10 ਫੀਸਦੀ ਸੈਂਪਲਾਂ ਦੀ ਜਾਂਚ ਸਬੰਧਤ ਪ੍ਰਿੰਸੀਪਲ, ਹੈੱਡ ਮਾਸਟਰ ਜਾਂ ਸੈਂਟਰ ਟੀਚਰ ਵੱਲੋਂ ਕਲੱਸਟਰ ਪੱਧਰ ’ਤੇ 6 ਫਰਵਰੀ ਤਕ ਕੀਤੀ ਜਾਵੇਗੀ। ਬੀਪੀਓ ਦਫ਼ਤਰ ਨੂੰ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਆਨਲਾਈਨ ਐਂਟਰੀ ਦਾ ਕੰਮ 7 ਤੋਂ 10 ਫਰਵਰੀ ਤਕ ਕਰਨਾ ਹੋਵੇਗਾ।
ਬੀਪੀਓਜ਼ 11 ਫਰਵਰੀ ਤਕ ਪ੍ਰਾਪਤ ਜਾਣਕਾਰੀ ਦੀ 10 ਪ੍ਰਤੀਸ਼ਤ ਸੈਂਪਲ ਚੈਕਿੰਗ ਦੁਬਾਰਾ ਕਰਨਗੇ। ਭਾਵੇਂ ਸਾਰਾ ਕੰਮ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਦੇਖ-ਰੇਖ ਹੇਠ ਹੋਵੇਗਾ ਪਰ ਬੀ.ਪੀ.ਈ.ਓਜ਼ ਵੱਲੋਂ ਅੰਤਿਮ ਰਿਪੋਰਟ ਡੀ.ਈ.ਓਜ਼ ਨੂੰ ਦੇਣ ਤੋਂ ਬਾਅਦ ਵੀ ਡੀ.ਈ.ਓਜ਼ 10 ਫ਼ੀਸਦੀ ਸੈਂਪਲ ਚੈਕਿੰਗ ਕਰਕੇ ਸਕੂਲ ਤੋਂ ਬਾਹਰ ਬੱਚਿਆਂ ਦੀ ਅੰਤਿਮ ਰਿਪੋਰਟ 15 ਫਰਵਰੀ, 2022 ਤਕ ਸਿੱਖਿਆ ਵਿਭਾਗ ਦੇ ਹੈੱਡਕੁਆਰਟਰ ਭੇਜਣਗੇ।