ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਫੇਅਰਫੈਕਸ ਕਾਊਂਟੀ, ਵਿਰਜੀਨੀਆ ਨਿਵਾਸੀ ਭਾਰਤੀ ਮੂਲ ਦੀ ਇਕ ਨਵ ਵਿਆਹੁਤਾ ਨੇ ਪੁਲਿਸ ਕੋਲ ਕੀਤੀ ਇਕ ਸ਼ਿਕਾਇਤ ਵਿਚ ਦੋਸ਼ ਲਾਏ ਹਨ ਕਿ ਉਸ ਦੇ ਪਤੀ ਨੇ ਵਿਆਹ ਉਪਰੰਤ ਪਿਛਲੇ 5 ਮਹੀਨਿਆਂ ਦੌਰਾਨ ਤਕਰੀਬਨ ਹਰ ਰੋਜ ਉਸ ਉਪਰ ਤਸ਼ੱਦਦ ਕੀਤਾ ਤੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੂੰ ਗੁਲਾਮ ਬਣਾ ਕੇ ਰਖਿਆ ਗਿਆ। ਹਾਲਾਂ ਕਿ ਪੀੜਤਾ ਤੇ ਉਸ ਦੇ ਪਤੀ ਦਾ ਨਾਂ ਪੁਲਿਸ ਨੇ ਨਹੀਂ ਦੱਸਿਆ ਹੈ ਪਰ ਨਵ ਵਿਆਹੁਤਾ ਭਾਰਤ ਦੇ ਬਿਹਾਰ ਰਾਜ ਦੀ ਰਹਿਣ ਵਾਲੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਪੀੜਤ ਔਰਤ ਦੀ ਸ਼ਿਕਾਇਤ ‘ਤੇ ਵਿਚਾਰ ਕਰ ਰਹੀ ਹੈ ਤੇ ਪਤੀ ਵਿਰੁੱਧ ਮਾਮਲਾ ਦਰਜ ਕੀਤਾ ਜਾ ਸਕਦਾ ਹੈ।
ਸਾਊਥ ਏਸ਼ੀਆ ਮਿਨਾਰਟੀਜ਼ ਅਲਾਇੰਸ ਫਾਊਂਡੇਸ਼ਨ ਦੇ ਕਾਰਜਕਾਰੀ ਮੁਖੀ ਪੁਨੀਤ ਆਹਲੂਵਾਲੀਆ ਨੇ ਇਸ ਮਾਮਲੇ ਬਾਰੇ ਬੋਲਦਿਆਂ ਕਿਹਾ ਹੈ ਕਿ ਮੈ ਵਿਦੇਸ਼ ਵਿਭਾਗ ਨਾਲ ਸੰਪਰਕ ਕਰਕੇ ਅਜਿਹੇ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਉਪਰ ਜੋਰ ਪਾਵਾਂਗਾ। ਉਨਾਂ ਕਿਹਾ ਕਿ ਆਪਣੇ ਘਰ ਤੋਂ ਦੂਰ ਇਕ ਔਰਤ ਨੂੰ ਗੁਲਾਮ ਬਣਾ ਕੇ ਰਖਣ ਦਾ ਇਹ ਇਕ ਗੰਭੀਰ ਮਾਮਲਾ ਹੈ। ਪੀੜਤਾ ਦਾ ਵਿਆਹ ਇਸ ਸਾਲ ਫਰਵਰੀ ਵਿਚ ਪਟਨਾ ਵਿੱਚ ਹੋਇਆ ਸੀ ਤੇ ਉਹ ਮਾਰਚ ਵਿਚ ਅਮਰੀਕਾ ਆਈ ਸੀ। ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੇ ਅਮਰੀਕਾ ਆਉਣ ਉਪਰੰਤ ਹੀ ਉਸ ਉਪਰ ਤਸ਼ੱਦਦ ਸ਼ੁਰੂ ਹੋ ਗਿਆ ਸੀ ਤੇ ਉਸ ਦੇ ਮਾਪਿਆਂ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ।