ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲਿਆਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਲੁਧਿਆਣਾ/ਮੋਹਾਲੀ, ਮੀਡੀਆ ਬੀਊਰੋ:

ਪੰਜਾਬ ਸਿੱਖਿਆ ਵਿਭਾਗ (Department of School Education Punjab) ਨੇ ਇਸ ਸਾਲ ਵੀ ਸਰਕਾਰੀ ਸਕੂਲਾਂ ‘ਚ ਦਾਖਲੇ ਵਧਾਉਣ ਲਈ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤੋਂ ਬਾਅਦ ਸਕੂਲਾਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਵੇਂ ਸਕੂਲਾਂ ਨੇ ਪਹਿਲਾਂ ਆਪਣੇ ਪੱਧਰ ’ਤੇ ਦਾਖ਼ਲੇ ਸ਼ੁਰੂ ਕਰ ਦਿੱਤੇ ਸਨ ਪਰ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਹੇ ਸਨ। ਵਿਭਾਗ ਨੇ ‘ਈਚ ਵਨ ਬ੍ਰਿੰਗ ਵਨ’ ਮੁਹਿੰਮ ਤਹਿਤ ਸੈਸ਼ਨ 2022-23 ਲਈ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੇ ਦਾਖਲੇ ਵਿੱਚ 14 ਫੀਸਦੀ ਦਾ ਵਾਧਾ ਹੋਇਆ ਸੀ।

ਐਨਰੋਲਮੈਂਟ ਬੂਸਟਰ ਟੀਮਾਂ ਅਧੀਨ ਟੀਮਾਂ ਦਾ ਗਠਨ

ਸਿੱਖਿਆ ਵਿਭਾਗ ਨੇ ਐਨਰੋਲਮੈਂਟ ਬੂਸਟਰ ਟੀਮਜ਼ ਤਹਿਤ ਟੀਮਾਂ ਦਾ ਗਠਨ ਕੀਤਾ ਹੈ ਜੋ ਰਾਜ, ਜ਼ਿਲ੍ਹਾ ਤੇ ਬਲਾਕ ਪੱਧਰ ‘ਤੇ ਕੰਮ ਕਰਨਗੀਆਂ। ਇਨ੍ਹਾਂ ਟੀਮਾਂ ‘ਚ ਸਟੇਟ ਕੋਆਰਡੀਨੇਟਰ, ਡਿਪਟੀ ਸਟੇਟ ਕੋਆਰਡੀਨੇਟਰ ਹੋਣਗੇ। ਜ਼ਿਲ੍ਹਾ ਪੱਧਰ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੋਡਲ ਅਫ਼ਸਰ, ਡਾਈਟ ਪ੍ਰਿੰਸੀਪਲ, ਜ਼ਿਲ੍ਹਾ ਸੋਸ਼ਲ ਅਤੇ ਪ੍ਰਿੰਟ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।

ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਪੋਸਟਰ ਕੀਤੇ ਜਾਣ ਸ਼ੇਅਰ

ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਪੋਸਟਰ, ਵੀਡੀਓ, ਲਘੂ ਫ਼ਿਲਮਾਂ, ਦਾਖ਼ਲਾ ਥੀਮ ਗੀਤ ਤਿਆਰ ਕਰ ਕੇ ਵਿਦਿਆਰਥੀਆਂ, ਮਾਪਿਆਂ, ਸੰਸਥਾਵਾਂ ਦੇ ਵਟਸਐਪ ਗਰੁੱਪਾਂ ‘ਚ ਸਾਂਝੇ ਕਰਨ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਇਸ ਦਾ ਪ੍ਰਚਾਰ ਕਰਨ। ਇਸ ਦੇ ਨਾਲ ਹੀ ਸਰਪੰਚ, ਆਂਗਣਵਾੜੀ ਮੈਂਬਰਾਂ, ਆਸ਼ਾ ਵਰਕਰਾਂ, ਸੇਵਾਮੁਕਤ ਅਧਿਆਪਕਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਨੁੱਕੜ ਨਾਟਕ ਖੇਡੇ ਜਾਣ। ਇਸ ਦਾ ਮਕਸਦ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਸਾਰਿਆਂ ਨੂੰ ਜਾਣੂ ਕਰਵਾਉਣਾ ਹੈ।

ਸਕੂਲ ਤਿਆਰ ਕਰਵਾਉਣ ਪੈਂਫਲੇਟ

ਸਕੂਲਾਂ ਨੂੰ ਦਾਖਲਾ ਵਧਾਉਣ ਲਈ ਅਕਾਦਮਿਕ ਤੇ ਸਹਿ-ਵਿਦਿਅਕ ਪ੍ਰਾਪਤੀਆਂ ਨੂੰ ਦਰਸਾਉਂਦੇ ਪੈਂਫਲੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਨੂੰ ਗਲੀਆਂ, ਬਾਜ਼ਾਰਾਂ, ਬਿਜਲੀ ਦੇ ਖੰਭਿਆਂ ‘ਤੇ ਲਗਾਇਆ ਜਾਵੇ। ਇਸ ਸਬੰਧੀ ਧਾਰਮਿਕ ਸਥਾਨਾਂ ‘ਤੇ ਵੀ ਐਲਾਨ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪ੍ਰਚਾਰ ਲਈ ਸਕੂਲ ਲਿਆਉਣ ਵਾਲੇ ਆਟੋ ਅਤੇ ਹੋਰ ਵਾਹਨਾਂ ‘ਤੇ ਫਲੈਕਸ ਲਗਾਏ ਜਾਣ | ਦਾਖ਼ਲਿਆਂ ਸਬੰਧੀ ਰੀਵਿਊ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਤਰਫ਼ੋਂ ਸਮੀਖਿਆ ਮੀਟਿੰਗ ਕੀਤੀ ਜਾਵੇਗੀ।

Share This :

Leave a Reply