ਨਵਜੋਤ ਸਿੰਘ ਸਿੱਧੂ ਦੀ ਹਾਈਕਮਾਂਡ ‘ਤੇ ਤਿੱਖੀ ਟਿੱਪਣੀ, ਕਿਹਾ- ਆਪਣੀ ਤਾਲ ‘ਤੇ ਨੱਚਣ ਵਾਲਾ CM ਚਾਹੁੰਦੀ ਹੈ ਸੀਨੀਅਰ ਲੀਡਰਸ਼ਿਪ

ਅੰਮ੍ਰਿਤਸਰ, ਮੀਡੀਆ ਬਿਊਰੋ:

ਪੰਜਾਬ ‘ਚ ਕਾਂਗਰਸ ਦੇ ਸੀਐਮ ਚਿਹਰੇ (CM Face) ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sindhu) ਨੇ ਹਾਈਕਮਾਂਡ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਆਪਣੇ ਸਮਰਥਕਾਂ ਵਿਚਕਾਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ‘ਚ ਹੈ। ਇਸ ਵਾਰ ਤੁਹਾਨੂੰ ਮੁੱਖ ਮੰਤਰੀ ਚੁਣਨਾ ਹੈ। ਟਾਪ ਲੀਡਰਸ਼ਿਪ ਇਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ ਜੋ ਉਸ ਦੀ ਤਾਲ ‘ਤੇ ਨੱਚ ਸਕੇ। ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ? ਇਹ ਗੱਲ ਨਵਜੋਤ ਸਿੱਧੂ ਨੇ ਸਮਰਥਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਦੌਰਾਨ ਕਹੀ।

ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ‘ਚ ਹੰਗਾਮਾ ਮਚ ਗਿਆ ਹੈ। ਰਾਹੁਲ ਗਾਂਧੀ (Rahul Gandhi) ਨੇ ਕਿਹਾ ਹੈ ਕਿ ਸੂਬੇ ‘ਚ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਵੇਗਾ। ਇਸ ਦੇ ਲਈ ਪਾਰਟੀ ਸਰਵੇ ਕਰ ਰਹੀ ਹੈ ਅਤੇ ਵਰਕਰਾਂ ਤੋਂ ਰਾਏ ਵੀ ਲੈ ਰਹੀ ਹੈ। ਸੂਤਰਾਂ ਮੁਤਾਬਕ ਚੰਨੀ ਮੁੱਖ ਮੰਤਰੀ ਦੇ ਚਿਹਰੇ ਲਈ ਸਿਖਰ ‘ਤੇ ਹਨ। ਕੱਲ੍ਹ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਚੰਨੀ ਨੂੰ ਚਾਰ ਮਹੀਨੇ ਦਾ ਸਮਾਂ ਮਿਲਿਆ ਹੈ ਤੇ ਉਨ੍ਹਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਆਪਣੇ-ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਦੇ ਆ ਰਹੇ ਹਨ ਪਰ ਹੁਣ ਉਹ ਵੀ ਮਹਿਸੂਸ ਕਰਨ ਲੱਗੇ ਹਨ ਕਿ ਪਾਰਟੀ ਉਨ੍ਹਾਂ ਦੇ ਨਾਂ ‘ਤੇ ਸਹਿਮਤ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੂੰ ਵਿਧਾਇਕਾਂ ਨੇ ਵੀ ਨਾਪਸੰਦ ਕੀਤਾ ਸੀ। ਇਸ ਦੇ ਬਾਵਜੂਦ ਸਿੱਧੂ ਹਾਈਕਮਾਂਡ ਨੂੰ ਇਹ ਕਹਿ ਰਹੇ ਹਨ ਕਿ ਉਹ ਦਰਸ਼ਨੀ ਘੋੜੇ ਨਹੀਂ ਬਣਨਗੇ।

ਦੋ ਦਿਨ ਪਹਿਲਾਂ ਸਿੱਧੂ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਵੈਸ਼ਨੋ ਦੇਵੀ ਚਲੇ ਗਏ ਸਨ। ਉਹ ਬੀਤੇ ਦਿਨ ਵਾਪਸ ਪਰਤੇ ਸਨ। ਇਸ ਤੋਂ ਬਾਅਦ ਉਹ ਹਮਲਾਵਰ ਨਜ਼ਰ ਆਏ। ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਹਨ। ਕਾਂਗਰਸ ‘ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੈ, ਇਸ ਦਾ ਫੈਸਲਾ ਪਾਰਟੀ ਹਾਈਕਮਾਂਡ ਕਰੇਗੀ। ਹਾਈ ਕਮਾਂਡ ਸਭ ਤੋਂ ਵੱਡੀ ਹੈ।

Share This :

Leave a Reply