ਚੰਡੀਗੜ੍ਹ (ਮੀਡੀਆ ਬਿਊਰੋ) : ਕੋਟਕਪੂਰਾ ਗੋਲ਼ੀਕਾਂਡ ਦੀ ਰਿਪੋਰਟ ਹਾਈ ਕੋਰਟ ਵਿਚ ਖ਼ਾਰਜ ਹੋਣ ਪਿੱਛੋਂ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਨੂੰ ਖ਼ਤਮ ਕਰਨ ਲਈ ਪਾਰਟੀ ਹਾਈ ਕਮਾਨ ਸਰਕਾਰ ਵਿਚ ਐਡਜਸਟਮੈਂਟ ਤੇ ਪਾਰਟੀ ਵਿਚ ਸੋਸ਼ਲ ਇੰਜਨੀਅਰਿੰਗ ਦਾ ਫਾਰਮੂਲਾ ਅਪਣਾਏਗੀ। ਉਧਰ ਪਾਰਟੀ ਹਾਈ ਕਮਾਨ ਵੱਲੋਂ ਬਣਾਈ ਗਈ ਕਮੇਟੀ ਜਿਸ ਨੇ ਪੰਜ ਦਿਨਾਂ ਤਕ ਪੰਜਾਬ ਦੇ ਹਰੇਕ ਵਿਧਾਇਕ, ਸੰਸਦ ਮੈਂਬਰ, ਸਾਬਕਾ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਸੁਣਿਆ, ਆਪਣੀ ਰਿਪੋਰਟ ਮੰਗਲਵਾਰ ਤਕ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦੇਵੇਗੀ। ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਵਿਚ ਐਡਜਸਟ ਕੀਤਾ ਜਾਵੇਗਾ।
ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ 2022 ਦੀਆਂ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਪਾਰਟੀ ਕੋਲ ਬਦਲ ਕਾਫ਼ੀ ਸੀਮਤ ਸਨ। ਅਜਿਹੇ ਵਿਚ ਪਾਰਟੀ ਸੋਸ਼ਲ ਇੰਜੀਨੀਅਰਿੰਗ ਤੇ ਐਡਜਸਟਮੈਂਟ ਪਾਲਿਸੀ ਨੂੰ ਅਪਣਾ ਕੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕਰਨ ਜਾ ਰਹੀ ਹੈ ਜਿਸ ਅਨੁਸਾਰ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਉਧਰ ਪਾਰਟੀ ਦੇ ਕੁਝ ਦਲਿਤ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਕੀਤੀ ਜਾਵੇਗੀ।
ਉਨ੍ਹਾਂ ਨੂੰ ਕੁਝ ਮਹੱਤਵਪੂਰਨ ਵਿਭਾਗ ਦਿੱਤੇ ਜਾਣਗੇ ਜਿਸ ਨਾਲ ਦਲਿਤ ਭਾਈਚਾਰੇ ਵਿਚ ਇਹ ਸੰਦੇਸ਼ ਜਾਵੇ ਕਿ ਪਾਰਟੀ ਦਲਿਤਾਂ ਦਾ ਪੂਰਾ ਖ਼ਿਆਲ ਰੱਖਦੀ ਹੈ। ਕਿਉਂਕਿ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਤੇ ਅਕਾਲੀ ਦਲ ਨੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਪਾਸਾ ਸੁੱਟਿਆ ਹੈ। ਉਧਰ ਦਲਿਤ ਚਿਹਰੇ ਨੂੰ ਪਾਰਟੀ ਵਿਚ ਵੀ ਐਡਜਸਟ ਕੀਤਾ ਜਾਵੇਗਾ। ਭਾਰੀ ਚੱਕ-ਥੱਲ ਦੇ ਬਾਵਜੂਦ ਪਾਰਟੀ ਸੁਨੀਲ ਜਾੜ ਤੋਂ ਪ੍ਰਧਾਨਗੀ ਵਾਪਸ ਨਹੀਂ ਲਵੇਗੀ ਅਲਬੱਤਾ ਉਨ੍ਹਾਂ ਨਾਲ ਦੋ ਕਾਰਜਕਾਰੀ ਪ੍ਰਧਾਨ ਜ਼ਰੂਰ ਲਾ ਦੇਵੇਗੀ ਜਿਸ ਵਿਚੋਂ ਇਕ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਵੇਗਾ। ਇਸ ਦੌੜ ਵਿਚ ਰਾਜ ਕੁਮਾਰ ਵੇਰਕਾ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਉਧਰ ਦੂਜਾ ਕਾਰਜਕਾਰੀ ਪ੍ਰਧਾਨ ਕੋਈ ਹਿੰਦੂ ਚਿਹਰਾ ਹੋ ਸਕਦਾ ਹੈ।
ਚੂੰਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਕੁਰਸੀ ‘ਤੇ ਜੱਟ ਚਿਹਰਾ ਹੋਵੇਗਾ ਇਸ ਲਈ ਹਿੰਦੂ ਚਿਹਰੇ ਨੂੰ ਤਰਜੀਹ ਦਿੱਤੀ ਜਾਵੇਗੀ। ਕਾਂਗਰਸ ਦੇ ਕਲੇਸ਼ ਦਾ ਸਭ ਤੋਂ ਵੱਡਾ ਲਾਭ ਨਵਜੋਤ ਸਿੰਘ ਸਿੱਧੂ ਨੂੰ ਮਿਲੇਗਾ। ਕਿਉਂਕਿ ਕਲੇਸ਼ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿਚ ਡਿਪਟੀ ਮੁੱਖ ਮੰਤਰੀ ਬਣਾਉਣ ਲਈ ਤਿਆਰ ਨਹੀਂ ਸਨ ਪਰ ਜਿਸ ਤਰ੍ਹਾਂ ਕਾਂਗਰਸ ਵਿਚ ਇਕ ਮਹੀਨੇ ਤੋਂ ਕਲੇਸ਼ ਚੱਲ ਰਿਹਾ ਹੈ ਤੇ ਪਾਰਟੀ ਦੀ ਕਮੇਟੀ ਨੇ ਸਾਰੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਸੁਣਿਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੁਦ ਕਮੇਟੀ ਸਾਹਮਣੇ ਪੇਸ਼ ਹੋ ਕੇ ਸਫ਼ਾਈ ਦੇਣੀ ਪਈ ਉਸ ਨਾਲ ਮੁੱਖ ਮੰਤਰੀ ਦੀ ਆਜ਼ਾਦੀ ਵੀ ਸੀਮਤ ਹੋਈ ਹੈ। ਕਿਉਂਕਿ ਇਕ ਵਾਰ ਤਾਂ ਪਾਰਟੀ ਦਾ ਕਾਫ਼ੀ ਵੱਡਾ ਵਰਗ ਕਿਸੇ ਨਾ ਕਿਸੇ ਰੂਪ ਵਿਚ ਮੁੱਖ ਮੰਤਰੀ ਵੱਲ ਉਂਗਲ ਉਠਾ ਰਿਹਾ ਸੀ। ਅਜਿਹੇ ਵਿਚ ਕਾਂਗਰਸ ਪਾਰਟੀ ਸਿੱਧੂ ਨੂੰ ਪਾਰਟੀ ਵਿਚ ਤਾਂ ਨਹੀਂ ਪਰ ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਦੇ ਰੂਪ ਵਿਚ ਐਡਜਸਟ ਕਰ ਕੇ ਕਲੇਸ਼ ਖ਼ਤਮ ਕਰ ਸਕਦੀ ਹੈ।
ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਹਾਲਾਤ ਵਿਚ ਜ਼ਿਆਦਾ ਵਿਰੋਧ ਵੀ ਨਹੀਂ ਕਰ ਸਕਣਗੇ। ਕੈਬਨਿਟ ਵਿਚ ਦਲਿਤ ਕੋਟੇ ਦੇ ਤਿੰਨ ਮੰਤਰੀ ਹਨ। ਇਨ੍ਹਾਂ ਵਿਚੋਂ ਚਰਨਜੀਤ ਸਿੰਘ ਚੰਨੀ ਨੂੰ ਕੋਈ ਮਹੱਤਵਪੂਰਨ ਵਿਭਾਗ ਦਿੱਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਮਲਿੱਕਾਰੁਜਨ ਖੜਗੇ, ਜੈਪ੍ਰਕਾਸ਼ ਅਗਰਵਾਲ ਤੇ ਹਰੀਸ਼ ਰਾਵਤ ਵਾਲੀ ਕਮੇਟੀ ਵਿਚ ਵੀ ਇਨ੍ਹਾਂ ਹੀ ਤਬਦੀਲੀਆਂ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ।
ਦੱਸਣਾ ਬਣਦਾ ਹੈ ਕਿ ਜੈਪ੍ਰਕਾਸ਼ ਅਗਰਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਰਟੀ ਆਗੂਆਂ ਨੂੰ ਇਹੀ ਸ਼ਿਕਾਇਤਾਂ ਹਨ ਜੋ ਆਮ ਤੌਰ ‘ਤੇ ਰਾਜਨੇਤਾਵਾਂ ਨੂੰ ਹੁੰਦੀਆਂ ਹਨ। ਪਾਰਟੀ ਦੇ ਆਹਲਾ ਸੂਤਰ ਦੱਸਦੇ ਹਨ ਕਿ ਐਡਜਸਟਮੈਂਟ ਤੇ ਸੋਸ਼ਲ ਇੰਜੀਨੀਅਰਿੰਗ ਦੇ ਫਾਰਮੂਲੇ ਨਾਲ ਪਾਰਟੀ ਵਿਚ ਇਕਜੁਟਤਾ ਆ ਸਕਦੀ ਹੈ। ਕਿਉਂਕਿ ਪੰਜ ਦਿਨਾਂ ਦੇ ਮੰਥਨ ਦੌਰਾਨ ਸਾਰਿਆਂ ਦੀਆਂ ਚਿੰਤਾਵਾਂ 2022 ਨੂੰ ਲੈ ਕੇ ਸਨ। ਲੀਡਰਸ਼ਿਪ ਤਬਦੀਲੀ ਦਾ ਮੁੱਦਾ ਵੀ ਨਹੀਂ ਸੀ। ਅਜਿਹੇ ਵਿਚ ਛੋਟੇ-ਮੋਟੇ ਐਡਜਸਟਮੈਂਟ ਸਾਰਿਆਂ ਨੂੰ 2022 ਲਈ ਇਕਜੁਟ ਕਰ ਸਕਦੇ ਹਨ।






















