ਨਸ਼ੇ ਦੇ ਮੁੱਦੇ ’ਤੇ ਮਜੀਠੀਆ ’ਤੇ ਬੋਲਿਆ ਹਮਲਾ
ਚੰਡੀਗੜ੍ਹ, ਮੀਡੀਆ ਬਿਊਰੋ:
ਮਤਦਾਨ ਲਈ ਸਿਰਫ਼ ਨੌਂ ਦਿਨ ਬਚੇ ਹਨ, ਅਜਿਹੇ ’ਚ ਪੰਜਾਬ ਦੀਆਂ 117 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਚੋਣ ਮਾਹੌਲ ਗਰਮਾ ਗਿਆ ਹੈ। ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦਾ ਦੌਰਾ ਵੀ ਤੇਜ਼ ਹੋ ਗਿਆ ਹੈ। ਇਨ੍ਹਾਂ ਸਿਤਾਰਿਆਂ ਦੇ ਨਾਲ ਹੁਣ ਉਨ੍ਹਾਂ ਦੇ ਪਰਿਵਾਰ ਵੀ ਚੋਣ ਮਤਦਾਨ ’ਚ ਉਤਰ ਆਏ ਹਨ। ਵੀਰਵਾਰ ਨੂੰ ਅੰਮ੍ਰਿਤਸਰ ਪੂਰਬੀ ’ਚ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਪਹਿਲੀ ਵਾਰੀ ਪ੍ਰਚਾਰ ਕਰਨ ਉਤਰੀ। ਇਸ ਦੌਰਾਨ ਉਨ੍ਹਾਂ ਨੇ ਨਸ਼ੇ ਦੇ ਮੁੱਦੇ ’ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਕੀਤਾ। ਅਰਵਿੰਦ ਕੇਜਰੀਵਾਲ ਦੀ ਪਤਨੀ ਵੀ ਸੰਗਰੂਰ ਦੇ ਧੂਰੀ ’ਚ ਭਗਵੰਤ ਮਾਨ ਲਈ ਪ੍ਰਚਾਰ ਕਰਨ ਅੱਜ ਪਹੁੰਚ ਰਹੇ ਹਨ। ਇੱਥੋਂ ਦੇ ਇਕ ਪੈਲੇਸ ’ਚ ਉਹ ਔਰਤਾਂ ਨੂੰ ਸੰਬੋਧਨ ਕਰਨਗੇ। ਆਉਣ ਵਾਲੇ ਦਿਨਾਂ ’ਚ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਵੀ ਪਹਿਲੀ ਵਾਰੀ ਪੰਜਾਬ ਪ੍ਰਚਾਰ ਲਈ ਆਉਣਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਡਾ. ਕਮਲਜੀਤ ਕੌਰ ਵੀ ਰਿਟਾਇਰਮੈਂਟ ਲੈ ਕੇ ਚਮਕੌਰ ਸਾਹਿਬ ’ਚ ਡਟ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਅਮਿਤ ਸ਼ਾਹ ਕੱਲ੍ਹ ਪੰਜਾਬ ਪਹੁੰਚਣਗੇ। ਉਸਦੇ ਅਗਲੇ ਹੀ ਦਿਨ 13 ਨੂੰ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਤੇ 14 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ’ਚ ਆਪਣੀ ਪਹਿਲੀ ਰੈਲੀ ਕਰਨਗੇ। ਪਿ੍ਰਅੰਕਾ ਗਾਂਧੀ ਵੀ ਧੂਰੀ ’ਚ ਹੀ ਪ੍ਰਚਾਰ ਕਰਨਗੇ। ਇੱਥੇ ‘ਆਪ’ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਭਗਵੰਤ ਮਾਨ ਤੇ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਚੋਣ ਮੈਦਾਨ ’ਚ ਹਨ।
ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ 16 ਨੂੰ ਪ੍ਰਧਾਨ ਮੰਤਰੀ ਪਠਾਨਕੋਟ ਤੇ 17 ਨੂੰ ਅਬੋਹਰ ’ਚ ਰੈਲੀ ਕਰਨਗੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਕੇਂਦਰੀ ਮੰਤਰੀ ਵੀਕੇ ਸਿੰਘ 12 ਫਰਵਰੀ ਨੂੰ ਭਾਜਪਾ ਦੇ ਅਲੱਗ-ਅਲੱਗ ਉਮੀਦਵਾਰਾਂ ਦੇ ਹੱਕ ’ਚ 10 ਰੈਲੀਆਂ ਕਰਨਗੇ। ਨੱਡਾ 12 ਫਰਵਰੀ ਨੂੰ ਬਲਾਚੌਰ ’ਚ ਸਵੇਰੇ 11.15 ਵਜੇ, ਰੋਪੜ ’ਚ ਦੁਪਹਿਰ 12.45, ਰਾਜਪੁਰਾ ’ਚ 3.15 ਵਜੇ ਤੇ ਘਨੌਰ ’ਚ ਸ਼ਾਮ 4.45 ਵਜੇ ਰੈਲੀਆਂ ਕਰਨਗੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 12 ਫਰਵਰੀ ਨੂੰ ਸਵੇਰੇ 11.15 ਵਜੇ ਵਿਧਾਨ ਸਭਾ ਲੁਧਿਆਣਾ ਦੇ ਪਿੰਡ ਗਿੱਲ, 12.15 ਵਜੇ ਜਗਰਾਓਂ ਤੇ ਦੁਪਹਿਰ 3 ਵਜੇ ਕਪੂਰਥਲਾ ’ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਕੇਂਦਰੀ ਮੰਤਰੀ ਵੀਕੇ ਸਿੰਘ ਅੰਮ੍ਰਿਤਸਰ ’ਚ ਸਵੇਰੇ 11.30 ਵਜੇ ਉੱਤਰੀ ਵਿਧਾਨ ਸਭਾ ਹਲਕੇ, ਦੁਪਹਿਰ 12.30 ਵਜੇ ਅੰਮ੍ਰਿਤਸਰ ਪੂਰਬੀ ਤੇ ਬਾਅਦ ਦੁਪਹਿਰ 3.15 ਵਜੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ’ਚ ਰੈਲੀ ਨੂੰ ਸੰਬੋਧਨ ਕਰਨਗੇ।