ਨਵਜੋਤ ਸਿੱਧੂ ਦੇ ਸਲਾਹਕਾਰ ਮੁਸਤਫ਼ਾ ਦੀਆਂ ਵਧੀਆਂ ਮੁਸ਼ਕਲਾਂ

ਦੰਗਾ ਭੜਕਾਉਣ ਵਾਲੇ ਬਿਆਨ ਦੀ ਵੀਡੀਓ ਸਹੀ, ਜਾਣੋ ਮਾਮਲਾ

ਚੰਡੀਗੜ੍ਹ, ਮੀਡੀਆ ਬਿਊਰੋ:

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਰਣਨੀਤਕ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ (Mohammad Mustafa) ਦੀਆਂ ਮੁਸ਼ਕਲਾਂ ਵਧ ਗਈਆਂ ਹਨ। 21 ਜਨਵਰੀ ਨੂੰ ਵਾਇਰਲ ਹੋਈ ਮੁਸਤਫ਼ਾ ਦੀ ਵੀਡੀਓ ਦੀ ਰਿਪੋਰਟ ਪੰਜਾਬ ਪੁਲਿਸ ਨੇ ਸੀਐਫਐਸਐਲ, ਚੰਡੀਗੜ੍ਹ ਸੈਕਟਰ 36 ਨੂੰ ਜਾਂਚ ਲਈ ਸੌਂਪ ਦਿੱਤੀ ਸੀ। ਰਿਪੋਰਟ ‘ਚ ਮੁਸਤਫਾ ਦੀ ਵਿਵਾਦਤ ਤੇ ਦੰਗਾਕਾਰੀ ਵੀਡੀਓ ਨੂੰ ਸਹੀ ਪਾਇਆ ਗਿਆ ਹੈ।

ਐਸਐਸਪੀ ਮਾਲੇਰਕੋਟਲਾ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਵੀ ਮੁਸਤਫਾ ਨੂੰ ਪੁੱਛਗਿੱਛ ਲਈ 21 ਫਰਵਰੀ ਲਈ ਤਲਬ ਕੀਤਾ ਹੈ। ਐਸਐਸਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਐਸਆਈਟੀ ਕਰੇਗੀ। ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ (Razia Sultana) ਮਾਲੇਰਕੋਟਲਾ ਤੋਂ ਕਾਂਗਰਸ ਵਿਧਾਇਕ ਤੇ ਸੂਬਾ ਸਰਕਾਰ ‘ਚ ਕੈਬਨਿਟ ਮੰਤਰੀ ਹਨ। ਇਸ ਵਾਰ ਵੀ ਉਹ ਮਾਲੇਰਕੋਟਲਾ ਤੋਂ ਚੋਣ ਲੜ ਰਹੇ ਹਨ।

ਮੁਸਤਫਾ ਨੇ ਇਕ ਸਿਆਸੀ ਮੀਟਿੰਗ ਦੌਰਾਨ ਦਿੱਤਾ ਸੀ ਵਿਵਾਦਤ ਬਿਆਨ

ਦੱਸਣਯੋਗ ਹੈ ਕਿ ਮਾਲੇਰਕੋਟਲਾ ‘ਚ ਇਕ ਜਨਤਕ ਮੀਟਿੰਗ ਦੌਰਾਨ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲੱਗੇ ਸਨ ਤੇ ਪੁਲਿਸ ਨੇ ਇਸ ਮਾਮਲੇ ‘ਚ ਕੇਸ ਦਰਜ ਕੀਤਾ ਸੀ। ਮੁਸਤਫਾ ‘ਤੇ ਦੋਸ਼ ਹੈ ਕਿ ਉਨ੍ਹਾਂ ਧਮਕੀ ਦਿੱਤੀ ਸੀ ਕਿ ਜੇਕਰ ਹਿੰਦੂਆਂ ਨੂੰ ਜਨਤਕ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਤਾਂ ਉਹ ਅਜਿਹੀ ਸਥਿਤੀ ਪੈਦਾ ਕਰ ਦੇਣਗੇ ਕਿ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ‘ਮੈਂ RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਬੈਠ ਜਾਵਾਂ।’ ਇਸ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਮੁੱਖ ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੁਸਤਫ਼ਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।

ਪੁਲਿਸ ਨੇ ਮੁਸਤਫ਼ਾ ਖ਼ਿਲਾਫ਼ ਕੀਤਾ ਸੀ ਕੇਸ ਦਰਜ

ਮਾਮਲਾ ਭਖਦਾ ਦੇਖ ਕੇ ਥਾਣਾ ਸਦਰ ਮਾਲੇਰਕੋਟਲਾ ਪੁਲਿਸ ਨੇ ਮੁਸਤਫਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਐਸਐਸਪੀ ਮਾਲੇਰਕੋਟਲਾ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਹਾਲਾਂਕਿ ਮੁਹੰਮਦ ਮੁਸਤਫਾ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਸੀ ਕਿ ਉਨ੍ਹਾਂ ‘ਹਿੰਦੂ’ ਸ਼ਬਦ ਦੀ ਵਰਤੋਂ ਨਹੀਂ ਕੀਤੀ, ਸਗੋਂ ‘ਫਿਤਨੋਂ’ (ਸ਼ਰਾਰਤੀ) ਸ਼ਬਦ ਦੀ ਵਰਤੋਂ ਕੀਤੀ ਹੈ।

Share This :

Leave a Reply