ਬਠਿੰਡਾ, ਮੀਡੀਆ ਬਿਊਰੋ:
ਕਾਂਗਰਸ ‘ਚ ਸਭ ਕੁਝ ਠੀਕ ਨਹੀਂ ਹੈ। ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਬਾਗ਼ੀ ਤੇਵਰ ਦਿਖਾ ਰਹੇ ਹਨ। ਪਾਰਟੀ ਦੇ ਅਸੰਤੁਸ਼ਟ ਆਗੂਆਂ ਨਾਲ ਲਗਾਤਾਰ ਬੈਠਕਾਂ ਕਰਨ ਤੋਂ ਬਾਅਦ ਹੁਣ ਉਹ ਬਾਗੀ ਆਗੂਆਂ ਨਾਲ ਵੀ ਮੁਲਾਕਾਤ ਕਰ ਰਹੇ ਹਨ। ਮੰਗਲਵਾਰ ਨੂੰ ਬਠਿੰਡਾ ‘ਚ ਕਾਂਗਰਸ ਤੋਂ ਅਲੱਗ ਹੋ ਕੇ ਆਜ਼ਾਦ ਚੋਣ ਲੜਨ ਵਾਲੇ ਹਰਮਿੰਦਰ ਸਿੰਘ ਜੱਸੀ ਤੇ ਐੱਨਆਰਆਈ ਨਾਲ ਬੈਠਕ ਕਰਨਗੇ। ਜੱਸੀ ਚੋਣਾਂ ਦੌਰਾਨ ਸੁਰਖੀਆਂ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਹ ਰਹੀਮ ਦੇ ਕੁੜਮ ਹਨ।
ਦੱਸ ਦੇਈਏ ਕਿ ਇਸ ਬੈਠਕ ਦਾ ਪ੍ਰਬੰਧ ਵੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਰੋਧੀ ਰਹੇ ਤੇ ਬਠਿੰਡਾ ਦੇਹਾਤੀ ਤੋਂ ਚੋਣ ਲੜਨ ਵਾਲੇ ਹਰਬਿੰਦਰ ਲਾਡੀ ਨੇ ਕੀਤਾ ਹੈ। ਨਵਜੋਤ ਸਿੰਘ ਸਿੱਧੂ ਬਠਿੰਡਾ ਦੇ ਹੋਟਲ ਬੀਆਰਸੀ ‘ਚ ਲੌਬਿੰਗ ਕਰਨ ਲਈ ਆ ਰਹੇ ਹਨ। ਸੂਤਰਾਂ ਅਨੁਸਾਰ ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਤੋਂ ਇਲਾਵਾ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਨਾਲ ਵੀ ਬੈਠਕ ਕਰਨਗੇ ਤੇ ਇਸ ਤੋਂ ਬਾਅਦ ਬਠਿੰਡਾ ਦੇ ਐੱਨਆਰਆਈਜ਼ੀ ਨਾਲ ਬੈਠਕ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਵੀ ਸੰਬੋਧਨ ਕਰਨਗੇ।
ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਵੀ ਨਹੀਂ ਘਟੀਆਂ ਕਾਂਗਰਸ ਦੀਆਂ ਮੁਸ਼ਕਲਾਂ
ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਮੀਦ ਦੇ ਉਲਟ 117 ‘ਚੋਂ ਸਿਰਫ਼ 18 ਸੀਟਾਂ ਜਿੱਤਣ ਵਾਲੀ ਕਾਂਗਰਸ ਨੇ ਹਾਰ ਦਾ ਠੀਕਰਾ ਤੱਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਰ ਭੰਨਿਆ ਸੀ। ਸਿੱਧੂ ਇਸ ਤੋਂ ਬਾਅਦ ਵੀ ਲਗਾਤਾਰ ਸਰਗਰਮ ਹਨ ਤੇ ਲੁਧਿਆਣਾ ਦੇ ਐੱਮਪੀ ਰਵਨੀਤ ਬਿੱਟੂ ਸਮੇਤ ਕਈ ਪਾਰਟੀ ਆਗੂਆਂ ਦੇ ਨਿਸ਼ਾਨੇ ‘ਤੇ ਹਨ।
ਕਾਂਗਰਸ ਨੇ ਸਿੱਧੂ ਨੂੰ ਅਹੁਦਿਓਂ ਲਾਂਭੇ ਕਰ ਕੇ ਲਗਾਤਾਰ ਤੀਸਰੀ ਵਾਰ ਵਿਧਾਇਕ ਬਣੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਇਆ ਹੈ। ਇਕ ਪਾਸੇ ਜਿੱਥੇ ਵੜਿੰਗ ਪਾਰਟੀ ਆਗੂਆਂ ਨਾਲ ਬੈਠਕਾਂ ਕਰ ਕੇ ਅਗਲੇਰੀ ਰਣਨੀਤੀ ਬਣਾ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਸਿੱਧੂ ਵੀ ਅਸੰਤੁਸ਼ਟ ਆਗੂਆਂ ਨਾਲ ਬਰਾਬਰ ਬੈਠਕਾਂ ਕਰਕੇ ਪਾਰਟੀ ਦੀ ਮੁਸ਼ਕਲਾਂ ਵਧਾ ਰਹੇ ਹਨ।