ਕੌਮੀ ਪਾਰਟੀਆਂ ਨੂੰ ਇਸ ਚੋਣ ਨਤੀਜਿਆਂ ਤੋਂ ਸਿੱਖਣਾ ਚਾਹੀਦਾ ਹੈ ਸਬਕ

ਮੀਡੀਆ ਬਿਊਰੋ -ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਝਾਤੀ ਮਾਰੀ ਜਾਵੇ ਤਾਂ ਪਤਾ ਲੱਗੇਗਾ ਕਿ ਇਹ ਕਈ ਪੱਖਾਂ ਤੋਂ ਇਤਿਹਾਸਕ ਹੋਣ ਦੇ ਨਾਲ ਹੀ ਭਵਿੱਖ ਦੀ ਰਾਜਨੀਤੀ ’ਤੇ ਡੂੰਘਾ ਅਸਰ ਛੱਡਣ ਵਾਲੇ ਵੀ ਹਨ। ਇਨ੍ਹਾਂ ਨਤੀਜਿਆਂ ਨੂੰ ਲੈ ਕੇ ਮਮਤਾ ਬੈਨਰਜੀ ਸਮੇਤ ਹੋਰ ਵਿਰੋਧੀ ਨੇਤਾਵਾਂ ਦੇ ਪ੍ਰਤੀਕਰਮ ਉਨ੍ਹਾਂ ਦੇ ਸੌੜੇ ਨਜ਼ਰੀਏ ਨੂੰ ਹੀ ਬਿਆਨ ਕਰ ਰਹੇ ਹਨ ਜਦਕਿ ਜ਼ਰੂਰੀ ਇਹ ਹੈ ਕਿ ਉਹ ਜਨਤਾ ਦੇ ਮਨ-ਮਿਜ਼ਾਜ ਨੂੰ ਸਮਝਣ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਆਪਣਾ ਏਜੰਡਾ ਸਪਸ਼ਟ ਕਰਨ।

ਇਸ ਲਈ ਕਰਨ, ਕਿਉਂਕਿ ਚਾਰ ਸੂਬਿਆਂ ਵਿਚ ਭਾਜਪਾ ਦੀ ਜਿੱਤ ਵਿਚ ਰਾਸ਼ਟਰੀ ਮੁੱਦਿਆਂ ਦੀ ਵੀ ਭੂਮਿਕਾ ਰਹੀ ਹੈ। ਅੱਜ ਦਾ ਵੋਟਰ ਖੇਤਰੀ ਮਸਲਿਆਂ ਦੇ ਨਾਲ-ਨਾਲ ਰਾਸ਼ਟਰੀ ਮੁੱਦਿਆਂ ਨੂੰ ਵੀ ਧਿਆਨ ਵਿਚ ਰੱਖ ਕੇ ਵੋਟ ਪਾਉਂਦਾ ਹੈ। ਇਸੇ ਕਾਰਨ ਜਿੱਥੇ ਉੱਤਰ ਪ੍ਰਦੇਸ਼ ਵਿਚ ਯੋਗੀ ਆਦਿੱਤਿਆਨਾਥ ਨੇ ਸੱਤਾ ਵਿਚ ਵਾਪਸੀ ਦੇ ਨਾਲ 37 ਸਾਲ ਤੋਂ ਚੱਲੀ ਆ ਰਹੀ ਮਿੱਥ ਤੋੜੀ ਓਥੇ ਹੀ ਉੱਤਰਾਖੰਡ ਵਿਚ ਇਹ ਧਾਰਨਾ ਖੰਡਿਤ ਕੀਤੀ ਕਿ ਹਰ ਚੋਣ ਵਿਚ ਸੱਤਾ ਬਦਲ ਜਾਂਦੀ ਹੈ।

ਚਾਰ ਸੂਬਿਆਂ ਵਿਚ ਭਾਜਪਾ ਦੀ ਜਿੱਤ ਦੀ ਤਰ੍ਹਾਂ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਬੇਮਿਸਾਲ ਕਾਰਗੁਜ਼ਾਰੀ ਦਿਖਾ ਕੇ ਵੱਡਾ ਸੰਦੇਸ਼ ਦਿੱਤਾ ਹੈ। ਰਾਜਨੀਤਕ ਤੌਰ ’ਤੇ ਸਭ ਤੋਂ ਅਹਿਮ ਉੱਤਰ ਪ੍ਰਦੇਸ਼ ਵਿਚ ਭਾਜਪਾ ਨੇ ਸਪਾ ਦੀ ਚੁਣੌਤੀ ਨੂੰ ਜਿਸ ਤਰ੍ਹਾਂ ਮਾਤ ਦਿੱਤੀ, ਉਸ ਦਾ ਮਹੱਤਵ ਇਸ ਲਈ ਜ਼ਿਆਦਾ ਹੈ ਕਿਉਂਕਿ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਸੀ ਕਿ ਭਾਜਪਾ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਿਸਾਨ ਅੰਦੋਲਨ, ਲਖੀਮਪੁਰ ਖੀਰੀ ਅਤੇ ਹਾਥਰਸ ਵਰਗੇ ਕਾਂਡ ਉਸ ਨੂੰ ਬਹੁਤ ਮਹਿੰਗੇ ਪੈਣਗੇ। ਅਜਿਹਾ ਨਹੀਂ ਹੋਇਆ। ਲਖੀਮਪੁਰ ਖੀਰੀ ਸਮੇਤ 23 ਜ਼ਿਲ੍ਹਿਆਂ ਵਿਚ ਵਿਰੋਧੀ ਪਾਰਟੀਆਂ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਕੋਵਿਡ ਮਹਾਮਾਰੀ ਤੋਂ ਉਪਜੀਆਂ ਕਠਿਨ ਚੁਣੌਤੀਆਂ ਦੌਰਾਨ ਵੀ ਜਿੱਤ ਇਸ ਲਈ ਮਿਲੀ ਕਿਉਂਕਿ ਜਨਤਾ ਨੇ ਬੀਤੇ ਪੰਜ ਸਾਲ ਸੁਸ਼ਾਸਨ ਨੂੰ ਮਹਿਸੂਸ ਕੀਤਾ ਅਤੇ ਵਿਰੋਧੀ ਪਾਰਟੀਆਂ ਦੇ ਦਾਅਵਿਆਂ ’ਤੇ ਭਰੋਸਾ ਨਹੀਂ ਕੀਤਾ। ਅੰਦੋਲਨ ਦੇ ਬਹਾਨੇ ਭਾਜਪਾ ਨੂੰ ਕਿਸਾਨ ਵਿਰੋਧੀ ਸਾਬਿਤ ਕਰਨ ਦੀ ਕੋਸ਼ਿਸ਼ ਜਾਟ ਭਾਈਚਾਰੇ ਦੀ ਬਹੁਤਾਤ ਵਾਲੇ ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਨਾਕਾਮ ਰਹੀ। ਇਸ ਨਾਕਾਮੀ ਦੀ ਵੱਡੀ ਵਜ੍ਹਾ ਇਹ ਰਹੀ ਕਿ ਆਮ ਕਿਸਾਨ ਇਹ ਦੇਖ ਰਿਹਾ ਸੀ ਭਾਜਪਾ ਕਿਸਾਨ ਸਨਮਾਨ ਨਿਧੀ ਸਮੇਤ ਹੋਰ ਯੋਜਨਾਵਾਂ ਨਾਲ ਉਸ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਸਪਾ ਨੇ ਭਾਜਪਾ ਨੂੰ ਚੁਣੌਤੀ ਜ਼ਰੂਰ ਦਿੱਤੀ ਅਤੇ ਆਪਣੀ ਸੀਟਾਂ ਅਤੇ ਵੋਟ ਫ਼ੀਸਦ ਵੀ ਵਧਾਇਆ ਪਰ ਉਹ ਯਾਦਵ-ਮੁਸਲਿਮ ਸਮੀਕਰਨ ਬਣਾ ਕੇ ਵੀ ਅੱਗੇ ਇਸ ਲਈ ਨਹੀਂ ਵਧ ਸਕੀ ਕਿਉਂਕਿ ਅਜਿਹਾ ਕੋਈ ਖਾਕਾ ਪੇਸ਼ ਕਰਨ ਵਿਚ ਨਾਕਾਮ ਰਹੀ ਜਿਸ ’ਤੇ ਜਨਤਾ ਭਰੋਸਾ ਕਰ ਪਾਉਂਦੀ। ਮੁਸਲਮਾਨਾਂ ਅਤੇ ਯਾਦਵਾਂ ਦੀ ਗੋਲਬੰਦੀ ਸੀਮਤ ਅਸਰ ਤਾਂ ਪਾ ਸਕਦੀ ਹੈ ਪਰ ਉਹ ਫ਼ੈਸਲਾਕੁਨ ਲੋਕ ਫ਼ਤਵਾ ਨਹੀਂ ਦਿਵਾ ਸਕਦੀ।

ਸਪਾ ਨੂੰ ਇਹ ਵੀ ਸਮਝਣਾ ਹੋਵੇਗਾ ਕਿ ਧਰੁਵੀਕਰਨ ਦੇ ਜਵਾਬ ਵਿਚ ਵੀ ਧਰੁਵੀਕਰਨ ਹੁੰਦਾ ਹੈ। ਭਾਜਪਾ ਨੇ ਆਪਣੇ ਰਾਸ਼ਟਰਵਾਦੀ ਏਜੰਡੇ ਦੇ ਨਾਲ ਆਪਣੀ ਰਾਜਨੀਤੀ ਨੂੰ ਜੋ ਸਰੂਪ ਪ੍ਰਦਾਨ ਕੀਤਾ ਹੈ, ਵਿਰੋਧੀ ਧਿਰ ਨੂੰ ਉਸ ਦੀ ਡੂੰਘਾਈ ਵਿਚ ਜਾਣ ਦੀ ਜ਼ਰੂਰਤ ਹੈ।

ਜੋ ਲੋਕ ਭਾਜਪਾ ਨੂੰ ਹਿੰਦੂਵਾਦੀ ਕਰਾਰ ਦੇ ਕੇ ਉਸ ਨੂੰ ਫਿਰਕੂ ਦੱਸਦੇ ਹਨ, ਉਹ ਭਾਰਤ ਦੇ ਸੱਭਿਆਚਾਰਕ ਸਰੂਪ ਨੂੰ ਨਹੀਂ ਸਮਝਦੇ। ਭਾਜਪਾ ਨੇ ਇਸੇ ਸਰੂਪ ਨੂੰ ਆਪਣੀ ਰਾਜਨੀਤੀ ਦਾ ਇਕ ਆਧਾਰ ਬਣਾਇਆ ਹੈ। ਜੋ ਹਿੰਦੂਤਵ ਭਾਜਪਾ ਦੇ ਡੀਐੱਨਏ ਵਿਚ ਹੈ, ਉਹ ਸਨਾਤਨ ਸੰਸਕ੍ਰਿਤੀ ਦਾ ਸੰਸਕਾਰ ਹੈ। ਜਦ ਕੋਈ ਇਸ ਸੰਸਕਾਰ ਨੂੰ ਨਕਾਰਦਾ ਹੈ ਜਾਂ ਭਾਰਤੀਅਤਾ ਦੇ ਪ੍ਰਤੀਕ ਹਿੰਦੂਤਵ ਨੂੰ ਕਲੰਕਿਤ ਕਰਦਾ ਹੈ ਤਾਂ ਜਨਤਾ ਵਿਚ ਉਸ ਦਾ ਪ੍ਰਤੀਕਰਮ ਹੁੰਦਾ ਹੈ ਜਿਸ ਦਾ ਲਾਭ ਭਾਜਪਾ ਚੁੱਕਦੀ ਹੈ। ਇਸੇ ਕਾਰਨ ਵਿਰੋਧੀ ਧਿਰ ਪ੍ਰਧਾਨ ਮੰਤਰੀ ਮੋਦੀ ਦੇ ਚਮਤਕਾਰ ਦਾ ਕੋਈ ਤੋੜ ਲੱਭਣ ਵਿਚ ਸਫਲ ਨਹੀਂ ਹੋ ਰਹੀ। ਚਾਰ ਸੂਬਿਆਂ ਅਤੇ ਖ਼ਾਸ ਤੌਰ ’ਤੇ ਉੱਤਰ ਪ੍ਰਦੇਸ਼ ਵਿਚ ਭਾਜਪਾ ਨੇ ਡਬਲ ਇੰਜਨ ਵਾਲੀ ਸਰਕਾਰ ਦੀ ਸਮਰੱਥਾ ਪ੍ਰਦਰਸ਼ਿਤ ਕਰ ਕੇ ਜਿੱਤ ਹਾਸਲ ਕੀਤੀ।

ਇਹ ਜਿੱਤ ਇਸ ਲਈ ਆਸਾਨ ਹੋ ਗਈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸਪਾ ਸ਼ਾਸਨ ਵਿਚ ਕਾਨੂੰਨ ਅਤੇ ਵਿਵਸਥਾ ਦੀ ਬਦਹਾਲੀ ਅਤੇ ਜੰਗਲਰਾਜ ਵਾਲੇ ਖ਼ੌਫ਼ ਨੂੰ ਬਿਆਨ ਕਰਨ ਵਿਚ ਸਫਲ ਰਹੇ। ਇਹ ਇਕ ਤੱਥ ਹੈ ਕਿ ਯੋਗੀ ਸਰਕਾਰ ਕਾਨੂੰਨ ਦਾ ਰਾਜ ਕਾਇਮ ਕਰਨ ਵਿਚ ਸਫਲ ਰਹੀ।

ਉੱਤਰਾਖੰਡ ਵਿਚ ਭਾਜਪਾ ਨੇ ਕਾਂਗਰਸ ਦੀ ਬਦਹਾਲੀ ਦਾ ਵੀ ਲਾਹਾ ਚੁੱਕਿਆ। ਤਿੰਨ ਵਾਰ ਮੁੱਖ ਮੰਤਰੀ ਬਦਲੇ ਜਾਣ ਦੇ ਬਾਵਜੂਦ ਪੁਸ਼ਕਰ ਸਿੰਘ ਧਾਮੀ ਖ਼ਰਾਬ ਹੁੰਦੇ ਹਾਲਾਤ ਨੂੰ ਸੰਭਾਲਣ ਵਿਚ ਕਾਮਯਾਬ ਰਹੇ। ਕਾਂਗਰਸ ਨੇ ਆਪਣੇ ਨਕਾਰਾਪਣ ਅਤੇ ਫ਼ੈਸਲੇ ਲੈਣ ਦੀ ਨਾਕਾਮੀ ਕਾਰਨ ਭਾਜਪਾ ਦਾ ਰਾਹ ਆਸਾਨ ਬਣਾ ਦਿੱਤਾ। ਹੁਣ ਇਹ ਵੀ ਸਾਫ਼ ਹੋ ਗਿਆ ਕਿ ਗਾਂਧੀ ਪਰਿਵਾਰ ਵਿਚ ਨਾ ਤਾਂ ਕਾਂਗਰਸ ਨੂੰ ਦਿਸ਼ਾ ਦੇਣ ਦੀ ਰਾਜਨੀਤਕ ਸੂਝਬੂਝ ਹੈ ਅਤੇ ਨਾ ਹੀ ਇਹ ਸਮਝਣ ਦੀ ਸਮਰੱਥਾ ਕਿ ਤਮਾਮ ਸਮੱਸਿਆਵਾਂ ਦੀ ਜੜ੍ਹ ਵਿਚ ਖ਼ੁਦ ਉਸ ਦਾ ਵਤੀਰਾ ਹੈ। ਇਕ ਸਮੱਸਿਆ ਇਹ ਵੀ ਹੈ ਕਿ ਕਾਂਗਰਸ ਰਾਸ਼ਟਰੀ ਮਸਲਿਆਂ ’ਤੇ ਉਸੇ ਤਰ੍ਹਾਂ ਦੀ ਸੌੜੀ ਸੋਚਣੀ ਦਿਖਾਉਣ ਲੱਗੀ ਹੈ ਜਿਹੋ ਜਿਹੀ ਖੇਤਰੀ ਪਾਰਟੀਆਂ ਦਿਖਾਉਂਦੀਆਂ ਹਨ।

ਉੱਤਰਾਖੰਡ ਵਿਚ ਰਾਹੁਲ ਗਾਂਧੀ ਨੇ ਹਰੀਸ਼ ਰਾਵਤ ’ਤੇ ਭਰੋਸਾ ਨਹੀਂ ਕੀਤਾ ਅਤੇ ਪੰਜਾਬ ਵਿਚ ਅਮਰਿੰਦਰ ਸਿੰਘ ’ਤੇ। ਨਵਜੋਤ ਸਿੰਘ ਸਿੱਧੂ ਦੇ ਕਹਿਣ ’ਤੇ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਪਮਾਨਜਨਕ ਤਰੀਕੇ ਨਾਲ ਹਟਾ ਕੇ ਕਾਂਗਰਸ ਨੇ ਆਪਣੇ ਪੈਰਾਂ ’ਤੇ ਖ਼ੁਦ ਕੁਹਾੜੀ ਮਾਰ ਲਈ। ਰਹੀ-ਸਹੀ ਕਸਰ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ ਦੀ ਲੜਾਈ ਨੇ ਪੂਰੀ ਕਰ ਦਿੱਤੀ।

ਇਸ ਦਾ ਲਾਭ ‘ਆਪ’ ਨੂੰ ਮਿਲਿਆ ਜੋ ਪਹਿਲਾਂ ਤੋਂ ਹੀ ਪੰਜਾਬ ਵਿਚ ਆਪਣੀਆਂ ਜੜ੍ਹਾਂ ਜਮਾ ਰਹੀ ਸੀ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਗਾਰੰਟੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਲੋਕ ਉਸ ਤੋਂ ਪ੍ਰੇਰਿਤ ਹੋ ਗਏ ਅਤੇ ਬਦਲਾਅ ਲਈ ਵੱਡੇ ਪੱਧਰ ’ਤੇ ‘ਆਪ’ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾ ਦਿੱਤਾ। ਹਕੀਕਤ ਇਹ ਵੀ ਹੈ ਕਿ ਉਸ ਨੂੰ ਕਾਂਗਰਸ ਦੇ ਆਪਸੀ ਕਾਟੋ-ਕਲੇਸ਼ ਦੇ ਨਾਲ ਹੀ ਭਰੋਸਾ ਗੁਆ ਚੁੱਕੇ ਅਕਾਲੀ ਦਲ ਕਾਰਨ ਪ੍ਰਚੰਡ ਜਿੱਤ ਨਸੀਬ ਹੋਈ ਹੈ। ਇਹ ਜਿੱਤ ਖੇਤਰੀ ਪਾਰਟੀਆਂ ਲਈ ਇਕ ਸਬਕ ਵੀ ਹੈ ਪਰ ‘ਆਪ’ ਦੇ ਨੇਤਾਵਾਂ ਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਸਮੱਸਿਆਵਾਂ ਤੋਂ ਪਾਰ ਪਾਉਣ ਦੀ ਚੁਣੌਤੀ ਵੀ ਹੈ ਜਿਨ੍ਹਾਂ ਨਾਲ ਅੱਜ ਪੰਜਾਬ ਜੂਝ ਰਿਹਾ ਹੈ।

ਪੰਜਾਬ ਵਰਗੇ ਸਰਹੱਦੀ ਸੂਬੇ ਦਾ ਸ਼ਾਸਨ ਚਲਾਉਣ ਲਈ ਕਿਤੇ ਜ਼ਿਆਦਾ ਸਿਆਸੀ ਪਰਿਪੱਕਤਾ ਦੀ ਜ਼ਰੂਰਤ ਹੈ। ਜਦ ਭਾਜਪਾ ਚਾਰ ਸੂਬਿਆਂ ਵਿਚ ਮਿਲੀ ਜਿੱਤ ਨੂੰ 2024 ਦੀਆਂ ਆਮ ਚੋਣਾਂ ਵਿਚ ਜਿੱਤ ਦੇ ਆਧਾਰ ਦੇ ਰੂਪ ਵਿਚ ਦੇਖ ਰਹੀ ਹੈ, ਉਦੋਂ ਇਕ ਖ਼ਾਸ ਸੋਚ ਵਾਲੇ ਲੋਕ ਉਸ ਦੀ ਸਫਲਤਾ ਨੂੰ ਲੋਕਤੰਤਰ ਲਈ ਗੰਭੀਰ ਚੁਣੌਤੀ ਦੱਸ ਰਹੇ ਹਨ। ਆਮ ਤੌਰ ’ਤੇ ਇਹ ਉਹੀ ਲੋਕ ਹਨ ਜਿਨ੍ਹਾਂ ਦਾ ਏਜੰਡਾ ਹੀ ਹਰ ਸੂਰਤ ਵਿਚ ਭਾਜਪਾ ਦਾ ਅੰਨ੍ਹਾ ਵਿਰੋਧ ਕਰਨਾ ਹੈ।

ਉਨ੍ਹਾਂ ਨੂੰ ਨਾ ਤਾਂ ਭਾਰਤੀਅਤਾ ਦੀ ਸਮਝ ਹੈ ਅਤੇ ਨਾ ਹੀ ਰਾਸ਼ਟਰਵਾਦ ਦੀ। ਇਸੇ ਸਮਝ ਦੀ ਘਾਟ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਵਿਚ ਵੀ ਹੈ। ਮੋਦੀ ਨੂੰ ਗ਼ੈਰ-ਜਮਹੂਰੀ ਦੱਸਣ ਵਾਲੇ ਇਹ ਦੇਖਣ ਤੋਂ ਇਨਕਾਰ ਕਰਦੇ ਹਨ ਕਿ ਕਾਂਗਰਸ ਸਮੇਤ ਹੋਰ ਪਾਰਟੀਆਂ ਕਿਸ ਤਰ੍ਹਾਂ ਪਰਿਵਾਰਵਾਦ ਵਿਚ ਡੁੱਬੀਆਂ ਹੋਈਆਂ ਹਨ ਅਤੇ ਸਾਮੰਤੀ ਤਰੀਕੇ ਨਾਲ ਸੰਚਾਲਿਤ ਹੋ ਰਹੀਆਂ ਹਨ।

ਆਖ਼ਰ ਜੋ ਪਾਰਟੀਆਂ ਆਪਣੇ ਪਰਿਵਾਰ ਦੇ ਹਿੱਤ ਨੂੰ ਸਰਬਉੱਚ ਤਰਜੀਹ ਦਿੰਦੀਆਂ ਹੋਣ, ਉਹ ਸਮਾਜ ਅਤੇ ਲੋਕਤੰਤਰ ਦਾ ਭਲਾ ਕਿਵੇਂ ਕਰ ਸਕਦੀਆਂ ਹਨ? ਇਸੇ ਸਵਾਲ ’ਤੇ ਪ੍ਰਧਾਨ ਮੰਤਰੀ ਨੇ ਫਿਰ ਇਹ ਕਿਹਾ ਕਿ ਪਰਿਵਾਰਵਾਦੀ ਰਾਜਨੀਤੀ ਨੇ ਸੂਬਿਆਂ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਵੋਟਰ ਕਿਉਂਕਿ ਇਸ ਮੰਦਭਾਗੇ ਵਰਤਾਰੇ ਨੂੰ ਸਮਝ ਚੁੱਕੇ ਹਨ, ਇਸ ਲਈ ਉਹ ਹੀ ਇਕ ਦਿਨ ਇਸ ਰਾਜਨੀਤੀ ਦਾ ਸੂਰਜ ਅਸਤ ਕਰਨਗੇ।

ਵਿਰੋਧੀ ਪਾਰਟੀਆਂ ਲਈ ਇਹੀ ਬਿਹਤਰ ਹੈ ਕਿ ਉਹ ਲੋਕ ਫ਼ਤਵੇ ਦੇ ਸੰਦੇਸ਼ ਨੂੰ ਸਹੀ ਤਰੀਕੇ ਨਾਲ ਸਮਝਣ ਅਤੇ ਆਪਣੀ ਰੀਤੀ-ਨੀਤੀ ਨਵੇਂ ਸਿਰੇ ਤੋਂ ਨਿਰਧਾਰਤ ਕਰਨ। ਅਜਿਹਾ ਕਰ ਕੇ ਹੀ ਉਹ ਆਪਣਾ ਅਤੇ ਆਪਣੇ ਦੇਸ਼ ਦਾ ਭਲਾ ਕਰ ਸਕਣਗੀਆਂ। ਨਹੀਂ ਤਾਂ ਉਨ੍ਹਾਂ ਦੀ ਦੁਰਦਸ਼ਾ ਜਾਰੀ ਰਹੇਗੀ।

-ਸੰਜੇ ਗੁਪਤਾ

Share This :

Leave a Reply