ਸਰ੍ਹੋਂ ਦੀ ਖੇਤੀ ਕਣਕ ਨਾਲੋਂ ਵੱਧ ਮੁਨਾਫ਼ੇ ਵਾਲੀ ਰਹੀ

ਖੰਨਾ, ਮੀਡੀਆ ਬਿਊਰੋ:

ਖਾਣ ਵਾਲੇ ਤੇਲਾਂ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਐਤਕੀਂ ਸਰ੍ਹੋਂ ਦਾ ਭਾਅ ਜ਼ਿਆਦਾ ਮਿਲ ਰਿਹਾ ਹੈ। ਸਰ੍ਹੋਂ ਬੀਜਣ ਵਾਲੇ ਕਿਸਾਨਾਂ ਦੇ ਚਿਹਰੇ ਸੂਰਜਮੁਖੀ ਦੇ ਫੁੱਲ ਵਾਂਗ ਖਿਡ਼ ਗਏ ਹਨ। ਇਸ ਵਾਰ ਕਣਕ ਦਾ ਝਾਂਡ਼ ਘੱਟ ਨਿਕਲਣ ਕਰਕੇ ਪ੍ਰਤੀ ਏਕਡ਼ ਕਣਕ 30000 ਰੁਪਏ ਦੀ ਨਿਕਲਣ ਰਹੀ ਹੈ ਜਦਕਿ ਸਰ੍ਹੋਂ 50 ਹਜ਼ਾਰ ਤੋਂ ਲੈ ਕੇ 60 ਹਜ਼ਾਰ ਤੱਕ ਨਿਕਲ ਰਹੀ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਸਰ੍ਹੋਂ ਦੀ ਵਾਢੀ ਦੀ ਸ਼ੁਰੂਆਤ ਮੌਕੇ 4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਭਾਅ ਮਿਲ ਰਿਹਾ ਸੀ। ਬਾਅਦ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਜਦੋਂ ਕਿਸਾਨ ਸਰ੍ਹੋਂ ਦੀ ਫਸਲ ਨੂੰ ਵਪਾਰੀਆਂ ਕੋਲ ਵੇਚ ਚੁੱਕੇ ਸਨ ਤਾਂ ਸਰ੍ਹੋਂ ਦਾ ਭਾਅ 6000 ਰੁਪਏ ਤੋਂ ਲੈ ਕੇ 9000 ਰੁਪਏ ਤੱਕ ਹੋ ਗਿਆ ਜਿਸ ਕਰਕੇ ਪਿਛਲੇ ਸਾਲ ਕਿਸਾਨਾਂ ਨੂੰ ਸਰ੍ਹੋਂ ਦੀ ਫਸਲ ਬੀਜ ਕੇ ਜ਼ਿਆਦਾ ਮੁਨਾਫਾ ਨਹੀਂ ਹੋਇਆ ਸੀ। ਇਸ ਵਾਰ ਵਧੀਆ ਮੁੱਲ ਵੱਟ ਰਹੇ ਹਨ। ਇਸੇ ਕਾਰਨ ਸਰ੍ਹੋਂ ਹੇਠ ਰਕਬਾ ਵੀ ਵਧਿਆ ਹੈ। ਪਿਛਲੀ ਵਾਰ ਪੰਜਾਬ ’ਚ ਸਰ੍ਹੋਂ ਦੀ ਫਸਲ 80 ਹਜ਼ਾਰ ਏਕਡ਼ ’ਚ ਬੀਜੀ ਗਈ ਸੀ ਪਰ ਐਤਕੀਂ 135000 ਏਕਡ਼ ’ਚ ਸਰੋਂ ਦੀ ਬੀਜਾਂਦ ਕੀਤੀ ਗਈ ਹੈ।

ਖਾਣ ਵਾਲੇ ਤੇਲਾਂ ਦੀਆਂ ਵਧੀਆਂ ਕੀਮਤਾਂ ਤੇ ਪਿਛਲੇ ਸੀਜ਼ਨ ’ਚ ਅਚਾਨਕ ਸਰ੍ਹੋਂ ਦੇ ਭਾਅ ’ਚ ਉਛਾਲ ਆ ਜਾਣ ਨਾਲ ਇਸ ਵਾਰ ਕਿਸਾਨਾਂ ਨੇ ਸਰ੍ਹੋਂ ਦੀ ਫਸਲ ਦੀ ਬਿਜਾਈ ਵੀ ਜ਼ਿਆਦਾ ਕੀਤੀ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਸਰ੍ਹੋਂ ਦਾ ਭਾਅ 6000 ਰੁਪਏ ਤੋਂ 6400 ਰੁਪਏ ਤੱਕ ਮਿਲ ਰਿਹਾ ਹੈ। ਕਰਨੈਲ ਸਿੰਘ ਇਕੋਲਾਹੀ, ਨਰਿੰਦਰ ਸਿੰਘ ਬੁੱਗਾ ਹਰਬੰਸਪੁਰਾ, ਦੀਦਾਰ ਸਿੰਘ ਮਾਂਗਟ ਬੇਗੋਵਾਲ, ਪਰਮਿੰਦਰ ਸਿੰਘ ਬੈਨੀਪਾਲ ਰੋਹਣੋਂ ਖੁਰਦ ਨੇ ਕਿਹਾ ਕਿ ਸਰ੍ਹੋਂ ਦੀ ਫਸਲ ਕਣਕ ਨਾਲੋਂ ਫਾਇੰਦੇਮੰਦ ਰਹੀ ਹੈ। ਪ੍ਰਤੀ ਏਕਡ਼ 10 ਕੁਇੰਟਲ ਦੇ ਕਰੀਬ ਝਾਡ਼ ਨਿਕਲਿਆ ਹੈ। ਜਿਨ੍ਹਾਂ ਨੇ ਫਸਲ ਵੱਧ ਧਿਆਨ ਦਿੱਤਾ, ਉਸ ਦਾ ਵਧੀਆ ਝਾਡ਼ ਰਿਹਾ, ਕੁਝ ਕਿਸਾਨਾਂ ਦਾ ਝਾਡ਼ ਘੱਟ ਵੀ ਨਿਕਲਿਆ ਹੈ। ਇਹ ਫਸਲ ਵੀ ਝੋਨੇ ਤੋਂ ਬਾਅਦ ਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੰਨਾ ਬੀਜਣ ਵਾਲੇ ਕਿਸਾਨ ਗੰਨੇ ਦੇ ਨਾਲ ਸਰ੍ਹੋਂ ਬੀਜ ਦਿੰਦੇ ਹਨ, ਜੋ ਦੋਹਰੀ ਫਸਲ ਲੈ ਕੇ ਕੁਝ ਮੁਨਾਫਾ ਖੱਟ ਲੈਂਦੇ ਹਨ। ਇਸ ਮੌਕੇ ਵਪਾਰੀ ਸੰਜੂ ਸਾਹਨੇਵਾਲੀਆ, ਮੁਨੀਮ ਸਿਮਰਪਾਲ ਸਿੰਘ ਮਹਿੰਦੀਪੁਰ, ਮੇਹਰ ਸਿੰਘ, ਕਪਿਲ ਬਨੀ ਹਾਜ਼ਰ ਸਨ।

ਮਾਰਕੀਟ ਕਮੇਟੀ ਖੰਨਾ ਪ੍ਰਾਪਤ ਅੰਕਡ਼ਿਆਂ ਅਨੁਸਾਰ ਪਿਛਲੇ ਸਾਲ ਦਾਣਾ ਮੰਡੀ ’ਚੋਂ ਕੁੱਲ 30 ਕੁਇੰਟਲ ਸਰ੍ਹੋਂ ਦੀ ਖਰੀਦ ਹੋਈ ਸੀ। ਇਸ ਵਾਰ ਹੁਣ ਤੱਕ 825 ਕੁਇੰਟਲ ਦੇ ਕਰੀਬ ਸਰ੍ਹੋਂ ਮੰਡੀ ’ਚੋਂ ਖਰੀਦੀ ਜਾ ਚੁੱਕੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸਰਜੀਤ ਸਿੰਘ ਨੇ ਦੱਸਿਆ ਕਿ ਸਰੋਂ ਦੀ ਖਰੀਦ ਨਿੱਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਜਿਸ ਦਾ ਇਸ ਵਾਰ ਭਾਅ 6000 ਰੁਪਏ ਤੋਂ 6400 ਰੁਪਏ ਤੱਕ ਲੱਗ ਰਿਹਾ ਹੈ। ਖੇਤੀਬਾਡ਼ੀ ਵਿਕਾਸ ਅਧਿਕਾਰੀ ਖੰਨਾ ਕੁਲਵੰਤ ਸਿੰਘ ਨੇ ਦੱਸਿਆ ਕਿ ਖੇਤੀਬਾਡ਼ੀ ਵਿਭਾਗ ਵੱਲੋਂ ਕੈਂਪ ਲਾ ਕੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਇਸ ਲਈ ਪਿੰਡਾਂ ’ਚ ਵੱਡੀ ਪੱਧਰ ’ਤੇ ਕੈਂਪ ਲਗਾਏ ਗਏ।

ਘਾਟੇ ਦਾ ਵਣਜ ਰਹੀ ਸਰ੍ਹੋਂ ਦੀ ਖੇਤੀ

ਕਿਸਾਨ ਜਸਵੀਰ ਸਿੰਘ ਪਿੰਡ ਚਡ਼ੀ ਤੇ ਦਲਜੀਤ ਸਿੰਘ ਬਾਬਾ ਫਾਰਮ ਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਕੁਝ ਰਕਬੇ ’ਚ ਸਰ੍ਹੋਂ ਦੀ ਫਸਲ ਬੀਜੀ ਸੀ। ਇਸ ’ਤੇ 13 ਹਜ਼ਾਰ ਦੇ ਕਰੀਬ ਪ੍ਰਤੀ ਏਕਡ਼ ਖਰਚ ਆ ਰਿਹਾ ਹੈ। ਸਰ੍ਹੋਂ ਦਾ ਝਾਡ਼ 5 ਤੋਂ 7 ਕੁਇੰਟਲ ਪ੍ਰਤੀ ਏਕਡ਼ ਦੇ ਵਿਚਕਾਰ ਨਿਕਲ ਰਿਹਾ ਹੈ। ਇੰਝ ਪ੍ਰਤੀ ਏਕਡ਼ 35 ਤੋਂ 40 ਹਜ਼ਾਰ ਦੀ ਫਸਲ ਹੋ ਰਹੀ ਹੈ।

ਕਿਸਾਨਾਂ ਨੂੰ ਦਿੱਤੀਆਂ ਮੁਫ਼ਤ ਬੀਜ ਕਿੱਟਾਂ

ਸਹਾਇਕ ਤੇਲ ਬੀਜ ਵਿਸਥਾਰ ਅਫਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਤੇਲ ਕੀਮਤਾਂ ’ਚ ਵਾਧੇ ਤੇ ਵਿਭਾਗ ਦੀ ਜਾਗਰੂਕਤਾ ਮੁਹਿੰਮ ਕਰਕੇ ਸਰ੍ਹੋਂ ਦੀ ਫਸਲ ਦੇ ਰਕਬੇ ’ਚ ਵਾਧਾ ਹੋਇਆ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਬੀਜ ਦੀਆਂ ਮੁਫਤ ਕਿੱਟਾਂ ਵੀ ਦਿੱਤੀਆਂ ਗਈਆਂ ਸਨ। ਲੁਧਿਆਣਾ ਜ਼ਿਲ੍ਹੇ ਲਈ 1050 ਮੁਫਤ ਬੀਜ ਕਿੱਟਾਂ ਦਿੱਤੀਆਂ ਗਈਆਂ ਸਨ ਜਿਸ ਕਰਕੇ ਇਸ ਵਾਰ 4250 ਏਕਡ਼ ’ਚ ਸਰ੍ਹੋਂ ਦੀ ਬਿਜਾਈ ਕੀਤੀ ਗਈ ਜਦਕਿ ਪਿਛਲੇ ਸਾਲ 3150 ਏਕਡ਼ ’ਚ ਸਰ੍ਹੋਂ ਬੀਜੀ ਗਈ ਸੀ।

ਵਪਾਰੀ ਜੋਖ਼ਮ ਲੈ ਕੇ ਖਰੀਦਦਾ ਫ਼ਸਲ

ਵਪਾਰੀ ਸੰਜੂ ਸਾਹਨੇਵਾਲੀਆਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਿਆਂਦੀ ਸਰ੍ਹੋਂ ਦੀ ਫਸਲ ਖੰਨਾ ਦੇ ਵਪਾਰੀਆਂ ਵੱਲੋਂ ਹੀ ਖਰੀਦੀ ਜਾ ਰਹੀ ਹੈ। ਖੰਨਾ ’ਚ ਕੁਝ ਸਰ੍ਹੋਂ ਤੇਲ ਮਿੱਲਾਂ ਵਾਲੇ ਖਰੀਦ ਲੈਂਦੇ ਹਨ ਤੇ ਕੁਝ ਨਿੱਜੀ ਵਪਾਰੀ ਖਰੀਦ ਕਰ ਲੈਂਦੇ ਹਨ। ਜੋ ਆਪਣੀ ਸਮਰੱਥਾ ਅਨੁਸਾਰ ਸਟੋਰ ਕਰਕੇ ਵਪਾਰ ਕਰਦੇ ਹਨ। ਪਿਛਲੀ ਵਾਰ ਤਾਂ ਬਾਅਦ ’ਚ 9000 ਰੁਪਏ ਤੱਕ ਚਲਾ ਗਿਆ ਸੀ ਪਰ ਇਸ ਵਾਰ ਹਾਲੇ ਕੁਝ ਨਹੀਂ ਪਤਾ ਕਿ ਭਾਅ ਕਿੱਥੇ ਜਾਵੇਗਾ। ਵਪਾਰੀ ਆਪਣੇ ਜੋਖ਼ਮ ’ਤੇ ਫਸਲ ਖਰੀਦ ਰਹੇ ਹਨ ਤੇ ਕਿਸਾਨਾਂ ਨੂੰ ਅਦਾਇਗੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ।

Share This :

Leave a Reply