ਬਟਾਲਾ, ਮੀਡੀਆ ਬਿਊਰੋ:
ਸ਼ਹੀਦ ਬਾਬਾ ਦੀਪ ਸਿੰਘ (Shaheed Baba Deep Singh) ਦੇ ਹੱਥ ਲਿਖਤ ਦੇ ਸਰੂਪ ਦਾ ਤੀਜਾ ਉਤਾਰਾ 350 ਸਾਲਾ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸੇਵਾ ਸੰਭਾਲ ਨਾ ਹੋਣ ਕਾਰਨ ਸਿਉਂਕ ਦੀ ਲਪੇਟ ’ਚ ਆ ਗਏ ਸਨ, ਦੀ ਸੇਵਾ-ਸੰਭਾਲ ਦਾ ਕਾਰਜ ਗੁਰਦੁਆਰਾ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਬਟਾਲਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਮਹਿਤੇ ਵਾਲਿਆਂ ਨੇ ਸ਼ੁਰੂ ਕੀਤਾ ਹੋਇਆ ਹੈ। ਇਸ ਪਾਵਨ ਸਰੂਪ ਦੀ ਪੁਰਾਤਨ ਦਿੱਖ ਨੂੰ ਮੁਡ਼ ਸੁਰਜੀਤ ਕਰਨ ਲਈ ਮੁਸਲਿਮ ਮਿਉਜੀਓਲੋਜੀ ਦੀ ਸੇਵਾ ਲਈ ਜਾ ਰਹੀ ਹੈ, ਜੋ 2017 ਤੋਂ ਨਿਰੰਤਰ ਸੇਵਾ ਸੰਭਾਲ ’ਚ ਲੱਗਾ ਹੋਇਆ ਹੈ। ਅਤਿ ਬਿਰਧ ਹਾਲਤ ਹੋਏ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਭਾਲ ਬਾਰੇ ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਪਾਵਨ ਸਰੂਪ 1947 ਦੀ ਵੰਡ ਤੋਂ ਬਾਅਦ ਕਨਾਟ ਪਲੇਸ ਦਿੱਲੀ ਦੇ ਨੇੜੇ ਕਾਲੋਨੀ ਵਿਚ ਰਹਿੰਦੇ ਸਿੰਧੀ ਪਰਿਵਾਰ ਕੋਲ ਸੁਸ਼ੋਭਤ ਸੀ ਪਰ ਸਿੰਧੀ ਪਰਿਵਾਰ ਦੇ ਬਜ਼ੁਰਗਾਂ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਬੱਚੇ ਅਮਰੀਕਾ ਜਾ ਵਸੇ। ਪਾਵਨ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੇਵਾ-ਸੰਭਾਲ ਨਾ ਹੋ ਸਕੀ ਤੇ ਇਹ ਸਰੂਪ ਉਨ੍ਹਾਂ ਦੇ ਗ੍ਰਹਿ ਤਹਿਖਾਨੇ ਵਿਚ ਬਿਰਾਜਮਾਨ ਸਨ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਪਾਵਨ ਪੁਰਾਤਨ ਸਰੂਪ ਦੀ ਸੇਵਾ-ਸੰਭਾਲ ਨਾ ਹੋਣ ਕਾਰਨ ਇਹ ਸਰੂਪ ਸਿਉਂਕ ਦੀ ਲਪੇਟ ਵਿਚ ਆ ਚੁੱਕਾ ਸੀ ਤੇ ਸਿਉਂਕ ਨੇ ਇਸ ਪਾਵਨ ਸਰੂਪ ਨੂੰ ਬਹੁਤ ਨੁਕਸਾਨ ਪਹੁੰਚਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਾਵਨ ਸਰੂਪ ਸਬੰਧੀ ਅਮਰੀਕਾ ਦੇ ਕਿਸੇ ਗੁਰਮੁਖ ਪਿਆਰੇ ਨੇ ਦੱਸਿਆ ਸੀ ਤੇ ਉਨ੍ਹਾਂ ਨੇ ਆਪਣੇ ਪਿਤਾ ਮਰਹੂਮ ਬਾਬਾ ਵਜ਼ੀਰ ਸਿੰਘ ਨਾਲ ਸਲਾਹ ਕਰਨ ਤੋਂ ਬਾਅਦ ਪਾਵਨ ਸਰੂਪ ਨੂੰ 2016 ਦੇ ਅਕਤੂਬਰ ਮਹੀਨੇ ਵਿਚ ਦਿੱਲੀ ਜਾ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁੰਦਰ ਪਾਲਕੀ ਸਾਹਿਬ ਵਿਚ ਇਸ ਸਰੂਪ ਨੂੰ ਬਟਾਲਾ ਲੈ ਆਂਦਾ ਸੀ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਦੇ ਬਾਬਾ ਨਿਰਮਲ ਸਿੰਘ ਰੰਧਾਵਾ ਵੱਲੋਂ ਇਸ ਪਾਵਨ ਸਰੂਪ ਦੀ ਮਹਾਨਤਾ ਬਾਰੇ ਦੱਸਣ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੇਵਾ-ਸੰਭਾਲ ਦਾ ਮਨ ਬਣਾਇਆ।
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ, ਜਿੱਥੇ ਉਨ੍ਹਾਂ ਨੇ ਗੁਰੂ ਪਿਆਰੇ ਡਾ. ਜੋਗਿੰਦਰ ਸਿੰਘ ਨਾਲ ਪੁਰਾਤਨ ਪਾਵਨ ਸਰੂਪ ਦੀ ਹਾਲਤ ਬਾਰੇ ਗੱਲਬਾਤ ਕੀਤੀ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਜੁਲਾਈ 2017 ਵਿਚ ਮਰਿਆਦਾ ਅਨੁਸਾਰ ਇਸ ਪਾਵਨ ਸਰੂਪ ਦੀ ਪੁਰਾਤਨ ਦਿੱਖ ਨੂੰ ਮੁਡ਼ ਸੁਰਜੀਤ ਕਰਨ ਲਈ ਸੇਵਾ ਕਾਰਜ ਆਰੰਭ ਕੀਤਾ।
ਪੰਜ ਤਖ਼ਤ ਸਾਹਿਬਾਨ ਤੋਂ ਪ੍ਰਵਾਨਗੀ ਤੋਂ ਬਾਅਦ ਕੀਤੀ ਸੇਵਾ ਸ਼ੁਰੂ
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ 350 ਸਾਲਾ ਪੁਰਾਤਨ ਸਰੂਪ ਦੀ ਸੇਵਾ-ਸੰਭਾਲ ਦਾ ਕਾਰਜ ਬਹੁਤ ਔਖਾ ਸੀ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਪ੍ਰਵਾਨਗੀ ਲਈ ਤੇ ਉਸ ਉਪਰੰਤ ਪੰਜ ਤਖ਼ਤ ਸਾਹਿਬਾਨ ਤੋਂ ਪ੍ਰਵਾਨਗੀ ਮਿਲਣ ਉਪਰੰਤ ਇਸ ਪਾਵਨ ਸਰੂਪ ਦੀ ਸੇਵਾ ਦਾ ਕਾਰਜ ਸ਼ੁਰੂ ਕੀਤਾ ਗਿਆ।
ਮੁਸਲਿਮ ਮਿਊਜ਼ੀਓਲੋਜੀ ਕਰ ਰਿਹਾ ਹੈ ਸੰਭਾਲ ਦਾ ਕੰਮ
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਪਾਵਨ ਸਰੂਪ ਨੂੰ ਸਿਉਂਕ ਲੱਗਣ ਕਾਰਨ ਅੰਗ ਬੁਰੀ ਤਰ੍ਹਾਂ ਖ਼ਰਾਬ ਹੋ ਗਏ ਸਨ ਅਤੇ ਇਸ ਪੁਰਾਤਨ ਪਾਵਨ ਸਰੂਪ ਨੂੰ ਮੁਡ਼ ਉਸੇ ਦਿਖ ’ਚ ਸੰਭਾਲਣ ਲਈ ਮੁਹੰਮਦ ਇਨਿਆਜ ਯੂਨਸ ਜੋ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਾਵਨ ਬਿਰਧ ਸਰੂਪਾਂ ਦੀ ਸੇਵਾ ਸੰਭਾਲ ਦਾ ਕੰਮ ਕਰ ਰਹੇ ਸਨ, ਤੋਂ ਸਹਿਯੋਗ ਮੰਗਿਆ ਜਿਨ੍ਹਾਂ ਨੇ ਪਹਿਲਾਂ ਇਸ ਪਾਵਨ ਸਰੂਪ ਦਾ ਨਿਰੀਖਣ ਕੀਤਾ, ਫਿਰ ਸੇਵਾ ਲਈ ਹਾਮੀ ਭਰੀ।
ਭੋਜ ਪੱਤਰ ਦੇ ਅੰਗਾਂ ’ਤੇ ਸ੍ਰੀ ਹਰਿਮੰਦਰ ਸਾਹਿਬ ਵਰਗੀ ਮੀਨਾਕਾਰੀ
ਮੁਹੰਮਦ ਇਨਿਆਜ ਯੂਨਸ ਨੇ ਦੱਸਿਆ ਕਿ ਇਹ ਪਾਵਨ ਸਰੂਪ ਭੋਜ ਪੱਤਰਾਂ ਉੱਤੇ ਲਿਖਿਆ ਹੋਇਆ ਹੈ ਤੇ ਇਸ ਦੇ ਅੰਗਾਂ ਉੱਤੇ ਬਾਣੀ ਦੇ ਆਲ-ਦੁਆਲੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਹੋਈ ਮੀਨਾਕਾਰੀ ਵਾਂਗ ਹੀ ਇਸ ਉੱਤੇ ਮੀਨਾਕਾਰੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਵਨ ਗ੍ਰੰਥ ਦੇ 1200 ਅੰਗ ਹਨ। ਯੂਨਸ ਨੇ ਦੱਸਿਆ ਕਿ ਭੋਜ ਪੱਤਰਾਂ ’ਤੇ ਲਿਖੇ ਇਸ ਪਾਵਨ ਸਰੂਪ ਦਾ ਬਹੁਤ ਘੱਟ ਵਜ਼ਨ ਹੈ।
ਪਾਵਨ ਗੁਰੂ ਗ੍ਰੰਥ ਸਾਹਿਬ ਨੂੰ ਡੇਢ ਮਹੀਨਾ ਫਿਊਮਗੇਸ਼ਨ ਕੀਤਾ
ਸੇਵਾ-ਸੰਭਾਲ ਕਰ ਰਹੇ ਮੁਹੰਮਦ ਇਨਿਆਜ ਯੂਨਸ ਨੇ ਦੱਸਿਆ ਕਿ ਸਿਉਂਕ ਕਾਰਨ ਇਸ ਪੁਰਾਤਨ ਸਰੂਪ ਦੀ ਦਿੱਖ ਬਹੁਤ ਖਰਾਬ ਹੋ ਚੁੱਕੀ ਸੀ ਅਤੇ ਸਭ ਤੋਂ ਪਹਿਲਾਂ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਡੇਢ ਮਹੀਨੇ ਲਈ ਸਪੈਸ਼ਲ ਮਸ਼ੀਨ ’ਚ ਫਿਊਮੀਗੇਸ਼ਨ ਕੀਤਾ ਗਿਆ। ਉਪਰੰਤ ਇਸ ਪਾਵਨ ਸਰੂਪ ਦੇ ਇੱਕ-ਇੱਕ ਅੰਗ ਦਾ ਉਤਾਰਾ ਕੀਤਾ ਗਿਆ ਅਤੇ ਨਾਲ ਹੀ ਤਿੰਨ ਤਿੰਨ ਵਾਰ ਫੋਟੋਗ੍ਰਾਫੀ ਵੀ ਕੀਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ ਵੀ ਗਿਆ ਹੈ ਸਾਂਭਿਆ
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਸਿਉਂਕ ਕਾਰਨ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਤੋਂ ਜੋ ਖਜ਼ਾਨਾ ਡਿੱਗਿਆ ਸੀ, ਉਸ ਨੂੰ ਸਤਿਕਾਰ ਨਾਲ ਸਾਂਭਿਆ ਹੈ ਤੇ ਸਿਉਂਕ ਕਾਰਨ ਜੋ ਅੰਗ ਪਾਊਡਰ ਬਣ ਗਏ ਸਨ, ਉਹ ਵੀ ਪੂਰੀ ਤਰ੍ਹਾਂ ਸਾਂਭੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਹਾਨ ਪਾਵਨ ਸਰੂਪ ਦੀ ਇਸ਼ਨਾਨ ਸੇਵਾ ਉਪਰੰਤ ਪਾਵਨ ਅੰਗਾਂ ਦੀ ਐੱਸਡੀ ਫਿਕੇਸ਼ਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਾਵਨ ਸਰੂਪ ਮਹੰਤਾਂ ਕੋਲ ਹੋਣ ਕਾਰਨ ਇਸ ਪਾਵਨ ਸਰੂਪ ਦੇ ਅੰਗਾਂ ਤੇ ਸਵਾਸਤਿਕ ਦਾ ਚਿੰਨ੍ਹ ਵੀ ਬਣਿਆ ਹੋਇਆ ਹੈ ।
ਅੱਠ ਪਡ਼ਾਅ ਪੂਰੇ, ਇਕ ਹੋਰ ਪਡ਼ਾਅ ਤੋਂ ਬਾਅਦ ਹੋਵੇਗੀ ਮੁਕੰਮਲ ਸੇਵਾ
ਮੁਹੰਮਦ ਇਨਿਆਜ ਯੂਨਸ ਨੇ ਦੱਸਿਆ ਕਿ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅੰਗਾਂ ਦੇ ਅੱਠ ਵਾਰ ਨਿਰੀਖਣ ਦੇ ਪਡ਼ਾਅ ਪੂਰੇ ਕੀਤੇ ਗਏ ਹਨ ਅਤੇ ਇਕ ਹੋਰ ਪਡ਼ਾਅ ਤੋਂ ਬਾਅਦ ਇਸ ਦੀ ਸੇਵਾ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ’ਤੇ ਇਸ ਪਾਵਨ ਸਰੂਪ ਦੀ ਸੰਭਾਲ ਹੋ ਰਹੀ ਹੈ, ਉਸ ਅਸਥਾਨ ਨੂੰ ਨਮੀ ਤੋਂ ਮੁਕਤ ਕਰਨ ਲਈ ਵਿਸ਼ੇਸ਼ ਤੌਰ ’ਤੇ ਸਿਲਕਾ ਕ੍ਰਿਸਟਲ ਸਟੋਨ ਰੱਖਿਆ ਹੋਇਆ ਹੈ, ਜੋ ਕਮਰੇ ਅੰਦਰ ਦੀ ਨਮੀ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ।
ਰੇਸ਼ਮ ਦੇ ਪੱਤਰਿਆਂ ਰਾਹੀਂ ਅੰਗਾਂ ਦੀ ਕੀਤੀ ਜਾ ਰਹੀ ਹੈ ਸੇਵਾ
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਨੁਕਸਾਨੇ ਹੋਏ ਪਾਵਨ ਅੰਗਾਂ ਦੀ ਮੁਡ਼ ਸਾਂਭ ਸੰਭਾਲ ਲਈ ਰੇਸ਼ਮ ਦੇ ਪੱਤਰੇ ਜੋ ਜਰਮਨ ਤੋਂ ਮੰਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਸ਼ਮ ਦੇ ਪੱਤਰਿਆਂ ਦਾ ਇੱਕ ਬੰਡਲ ਜਿਸ ਦੀ ਕੀਮਤ ਇੱਕ ਲੱਖ ਹੈ ਅਤੇ ਕਰੀਬ ਦਸ ਬੰਡਲ ਇਸ ਸਾਰੇ ਕਾਰਜ ’ਚ ਵਰਤੇ ਜਾਣਗੇ।
ਪਾਵਨ ਸਰੂਪ ਦੀ ਸੰਭਾਲ ਲਈ ਖਰਚੇ ਜਾਣਗੇ ਕਰੀਬ ਇਕ ਕਰੋਡ਼
ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਸ 350 ਸਾਲਾ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਸੇਵਾ ਸੰਭਾਲ ਕਾਰਜ ਉੱਤੇ ਪੂਰੇ ਸਮੇਂ ਦੌਰਾਨ ਕਰੀਬ ਇਕ ਕਰੋਡ਼ ਰੁਪਈਆ ਖਰਚਿਆ ਆਵੇਗਾ, ਜੋ ਸੰਗਤਾਂ ਅਤੇ ਗੁਰਮੁੱਖ ਪਿਆਰਿਆਂ ਦੇ ਸਹਿਯੋਗ ਨਾਲ ਖਰਚਿਆ ਜਾਵੇਗਾ। ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਇਹ ਸੇਵਾ ਦਾ ਕਾਰਜ ਬਹੁਤ ਔਖਾ ਸੀ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਕਾਰਜ ਸਿਰੇ ਚਡ਼੍ਹ ਰਿਹਾ ਹੈ।






















