ਸਕਾਟਲੈਂਡ ਵਿੱਚ ਜਾਰੀ ਕੀਤੇ 98,000 ਤੋਂ ਵੱਧ ਕੋਵਿਡ ਵੈਕਸੀਨ ਸਰਟੀਫਿਕੇਟ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਲੋਕਾਂ ਨੂੰ 98,000 ਤੋਂ ਵੱਧ ਕੋਵਿਡ ਵੈਕਸੀਨ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਸਕਾਟਲੈਂਡ ਦੀ ਸਰਕਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਿਊਟਰ ਸਿਸਟਮ ਵਿੱਚ ਕੁੱਝ ਸਮੱਸਿਆ ਆਉਣ ਤੋਂ ਪਹਿਲਾਂ ਐੱਨ ਐੱਚ ਐੱਸ ਇਨਫਾਰਮ ਵੈਬਸਾਈਟ ਤੋਂ 40,112 ਵੈਕਸੀਨ ਰਿਕਾਰਡ ਡਾਊਨਲੋਡ ਕੀਤੇ ਗਏ ਹਨ। ਜਦਕਿ ਹੁਣ ਸਰਟੀਫਿਕੇਟ ਸਿਰਫ ਡਾਕ ਦੁਆਰਾ ਜਾਰੀ ਕੀਤੇ ਗਏ ਹਨ ਅਤੇ 17 ਜੂਨ ਤੱਕ 58,229 ਪੇਪਰ ਵੈਕਸੀਨ ਰਿਕਾਰਡ ਜਾਰੀ ਕੀਤੇ ਗਏ ਸਨ। ਵੈਕਸੀਨ ਸਬੰਧੀ ਇਹ ਸਰਟੀਫਿਕੇਟ ਵਿਦੇਸ਼ੀ ਯਾਤਰਾ ਲਈ ਇੱਕ ਅੰਤਰਰਾਸ਼ਟਰੀ ਟੀਕਾ ਪਾਸਪੋਰਟ ਪ੍ਰੋਗਰਾਮ ਵਿੱਚ ਵਰਤੇ ਜਾ ਸਕਦੇ ਹਨ।  ਸਕਾਟਲੈਂਡ ਦੇ ਲੋਕ 19 ਮਈ ਤੋਂ ਉਨ੍ਹਾਂ ਦੇ ਵੈਕਸੀਨ ਸਰਟੀਫਿਕੇਟ ਨੂੰ ਪ੍ਰਾਪਤ ਕਰਨ ਦੇ ਯੋਗ ਹੋਏ ਹਨ। 

ਇਸ ਸਰਟੀਫਿਕੇਟ ਵਿੱਚ ਕੋਵਿਡ ਟੀਕਾਕਰਨ ਦੀਆਂ ਤਰੀਕਾਂ ਅਤੇ ਵੈਕਸੀਨ ਕੰਪਨੀ ਜਾਣਕਾਰੀ ਦਰਜ ਹੁੰਦੀ ਹੈ। ਇਹ ਸਰਟੀਫਿਕੇਟ ਡਿਜੀਟਲ ਕੋਵਿਡ ਸਟੇਟਸ ਸਰਟੀਫਿਕੇਟ ਦੁਆਰਾ ਬਦਲ ਦਿੱਤੇ ਜਾਣਗੇ, ਜਿਸ ਵਿੱਚ ਟੀਕਾਕਰਨ ਅਤੇ ਟੈਸਟਿੰਗ ਡਾਟਾ ਸ਼ਾਮਲ ਹੋਵੇਗਾ ਜੋ ਕਿ ਬਾਹਰੀ ਅੰਤਰਰਾਸ਼ਟਰੀ ਯਾਤਰਾ ਲਈ ਵਰਤੇ ਜਾਣਗੇ। ਇਸਦੇ ਨਾਲ ਹੀ ਯੂਕੇ ਸਰਕਾਰ ਭਵਿੱਖ ਵਿੱਚ ਵੱਡੇ ਸਮਾਗਮਾਂ ਵਿੱਚ ਵੀ ਇਸਦੀ ਵਰਤੋਂ ‘ਤੇ ਵਿਚਾਰ ਕਰ ਰਹੀ। ਇੰਗਲੈਂਡ ਵਿੱਚ ਹਾਲਾਂਕਿ, ਲੋਕ ਆਪਣਾ ਸਰਟੀਫਿਕੇਟ ਡਾਉਨਲੋਡ ਕਰਨ ਲਈ ਐੱਨ ਐੱਚ ਐੱਸ ਐਪ ਦੀ ਵਰਤੋਂ ਕਰ ਸਕਦੇ ਹਨ। ਐਪ ਦੀ ਵਰਤੋਂ ਕਰਨ ਲਈ ਇੰਗਲੈਂਡ ਵਿੱਚ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੀ ਪੀ ਨਾਲ ਰਜਿਸਟਰ ਹੋਣ ਦੀ ਜ਼ਰੂਰਤ ਹੈ।

Share This :

Leave a Reply