ਸਕਾਟਲੈਂਡ ਦੇ ਹਸਪਤਾਲਾਂ ਵਿੱਚ 1,000 ਤੋਂ ਵੱਧ ਕੋਰੋਨਾ ਮਰੀਜਾਂ ਦਾ ਹੋ ਰਿਹਾ ਹੈ ਇਲਾਜ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਰੋਨਾ ਵਾਇਰਸ ਦੇ ਨਵੇਂ ਅੰਕੜਿਆਂ ਅਨੁਸਾਰ ਸਕਾਟਲੈਂਡ ਦੇ 1,000 ਤੋਂ ਵੱਧ ਕੋਰੋਨਾ ਵਾਇਰਸ ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਪੁਸ਼ਟੀ ਕੀਤੇ ਗਏ ਕੋਵਿਡ -19 ਮਰੀਜ਼ਾਂ ਦੀ ਗਿਣਤੀ 1,019 ਹੈ, ਜੋ ਕਿ ਅੰਕੜੇ ਜਾਰੀ ਹੋਣ ਦੇ ਇੱਕ ਦਿਨ ਪਹਿਲਾਂ ਦੇ ਰਿਕਾਰਡ ਨਾਲੋਂ 34 ਵੱਧ ਹੈ। ਹਸਪਤਾਲ ਵਿੱਚ ਦਾਖਲ ਇਹਨਾਂ ਮਰੀਜ਼ਾਂ ਵਿੱਚੋਂ, 88 ਆਈ ਸੀ ਯੂ ਵਿੱਚ ਹਨ। ਸਕਾਟਲੈਂਡ ਵਿੱਚ ਇਸ ਸਾਲ ਜਨਵਰੀ ਵਿੱਚ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ 2,053 ਦੇ ਅੰਕੜੇ ਨਾਲ ਸਿਖਰ ‘ਤੇ ਸੀ ਜਿਸ ਵਿੱਚ 160 ਤੋਂ ਵੱਧ ਇੰਟੈਂਸਿਵ ਕੇਅਰ ਵਾਰਡ ਵਿੱਚ ਸਨ।

ਉਸ ਤੋਂ ਬਾਅਦ ਇਹ ਗਿਣਤੀ ਘੱਟ ਗਈ ਸੀ, ਪਰ ਹੁਣ ਦੁਬਾਰਾ ਤੋਂ ਲਗਾਤਾਰ ਵਧ ਰਹੀ ਹੈ। ਇਸਦੇ ਇਲਾਵਾ ਪਿਛਲੇ 24 ਘੰਟਿਆਂ ਵਿੱਚ ਕੁੱਲ 5,912 ਨਵੇਂ ਕੋਰੋਨਾ ਮਾਮਲੇ ਵੀ ਦਰਜ ਕੀਤੇ ਗਏ ਹਨ ਪਰ ਕੋਈ ਨਵੀਂ ਮੌਤ ਸਾਹਮਣੇ ਨਹੀਂ ਆਈ। ਹਾਲਾਂਕਿ, ਮੌਤਾਂ ਦੇ ਨੋਟਿਸ ਲਈ ਰਜਿਸਟਰੀ ਦਫਤਰ ਆਮ ਤੌਰ ‘ਤੇ ਵੀਕਐਂਡ ਤੇ ਬੰਦ ਹੁੰਦੇ ਹਨ। ਸਕਾਟਲੈਂਡ ਵਿੱਚ ਐਤਵਾਰ ਤੱਕ ਕੁੱਲ 4,140,616 ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਅਤੇ 3,777,461 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

Share This :

Leave a Reply