ਧੀ ਪੈਦਾ ਹੋਣ ‘ਤੇ ਮਿਲਦੇ ਸੀ ਮਿਹਣੇ

ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋਈ ਗਰਭਵਤੀ ਨੇ ਲਾਇਆ ਮੌਤ ਨੂੰ ਗਲ਼ੇ

ਲੁਧਿਆਣਾ, ਮੀਡੀਆ ਬਿਊਰੋ:

ਐਮਏ ਬੀਐੱਡ ਮੁਟਿਆਰ ਸਹੁਰਿਆਂ ਦੇ ਮਿਹਣਿਆਂ ਤੋਂ ਇਸ ਕਦਰ ਪਰੇਸ਼ਾਨੀ ਹੋ ਗਈ ਕਿ ਉਸ ਨੇ ਸ਼ੱਕੀ ਹਾਲਾਤ ‘ਚ ਫਾਹਾ ਲਗਾ ਲਿਆ। ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦੀ ਹੱਤਿਆ ਹੋਈ ਹੈ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਅੱਚਰਵਾਲ ਦੇ ਰਹਿਣ ਵਾਲੇ ਲੜਕੀ ਦੇ ਭਰਾ ਅਮਨਦੀਪ ਸਿੰਘ ਦੇ ਬਿਆਨ ਉੱਪਰ ਲੜਕੀ ਦੇ ਪਤੀ ਪਿੰਡ ਖੇੜੀ ਦੇ ਵਾਸੀ ਨਰਿੰਦਰ ਸਿੰਘ, ਸੱਸ ਸੁਰਜੀਤ ਕੌਰ ਅਤੇ ਸਹੁਰੇ ਧਰਮਜੀਤ ਸਿੰਘ ਦੇ ਖਿਲਾਫ਼ ਦਾਜ ਲਈ ਹੱਤਿਆ ਦਾ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਲਡ਼ਕੀ ਸਤਜੀਤ ਕੌਰ (26) ਦੇ ਭਰਾ ਅਮਨਦੀਪ ਸਿੰਘ ਨੇ ਦਸਿਆ ਕਿ ਉਸ ਨੇ ਆਪਣੀ ਭੈਣ ਦਾ ਵਿਆਹ ਫਰਵਰੀ 2020 ‘ਚ ਖੇਤੀਬਾੜੀ ਕਰਨ ਵਾਲੇ ਨੌਜਵਾਨ ਪਿੰਡ ਖੇੜੀ ਦੇ ਵਾਸੀ ਨਰਿੰਦਰ ਸਿੰਘ ਨਾਲ ਕੀਤਾ ਸੀ। ਵਿਆਹ ਦੇ ਕੁਝ ਸਮਾਂ ਬਾਅਦ ਹੀ ਲੜਕੀ ਦੇ ਸਹੁਰੇ ਪਰਿਵਾਰ ਦੇ ਮੈਂਬਰ ਉਸਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ‘ਚ ਬਹੁਤ ਖਰਚਾ ਕੀਤਾ ਤੇ ਲੜਕੇ ਨੂੰ ਸਵਿਫਟ ਡਿਜ਼ਾਇਰ ਕਾਰ ਵੀ ਦਿੱਤੀ ਪਰ ਇਸਦੇ ਬਾਵਜੂਦ ਲੜਕੀ ਦੇ ਸਹੁਰੇ ਪਰਿਵਾਰ ਦੀ ਡਿਮਾਂਡ ਵੱਧਦੀ ਰਹੀ।

ਤਕਰੀਬਨ ਇਕ ਸਾਲ ਪਹਿਲੋਂ ਸੁੱਤਜੀਤ ਕੌਰ ਨੇ ਇਕ ਲੜਕੀ ਨੂੰ ਜਨਮ ਦਿੱਤਾ। ਬੇਟੀ ਦੇ ਪੈਦਾ ਹੋਣ ਤੋਂ ਬਾਅਦ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਹੋਰ ਜ਼ਿਆਦਾ ਤੰਗ ਕਰਨ ਲੱਗ ਪਏ। ਧੀ ਪੈਦਾ ਹੋਣ ਕਾਰਨ ਲੜਕੀ ਨੂੰ ਮਿਹਣਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਮਨਦੀਪ ਸਿੰਘ ਨੇ ਦੱਸਿਆ ਕਿ ਲੜਕੀ ਫਿਰ ਤੋਂ ਦੋ ਮਹੀਨਿਆਂ ਦੀ ਗਰਭਵਤੀ ਸੀ, ਪਰ ਇਸਦੇ ਬਾਵਜੂਦ ਵੀ ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਤੰਗ ਕਰਦੇ ਰਹੇ। ਸਵੇਰ ਵੇਲੇ ਲੜਕੀ ਦੇ ਸਹੁਰੇ ਪਰਿਵਾਰ ਦਾ ਫੋਨ ਆਇਆ ਕਿ ਉਸ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਲੜਕੀ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਦੇਖ ਕੇ ਇੰਜ ਜਾਪ ਰਿਹਾ ਸੀ ਕਿ ਜਿਵੇਂ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੋਵੇ। ਉਧਰ ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਇੰਚਾਰਜ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਦਾਜ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਮੁਤਾਬਕ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share This :

Leave a Reply