ਚੰਡੀਗੜ੍ਹ, ਮੀਡੀਆ ਬਿਊਰੋ:
ਇਨ੍ਹੀਂ ਦਿਨੀਂ ਗਰਮੀ ਆਪਣੇ ਸਿਖਰ ‘ਤੇ ਹੈ। ਗਰਮੀ ਤੋਂ ਰਾਹਤ ਦੀ ਆਸ ਵਿੱਚ ਲੋਕ ਅਸਮਾਨ ਵੱਲ ਤੱਕਦੇ ਹਨ ਕਿ ਕਦੋਂ ਮੀਂਹ ਪੈਂਦਾ ਹੈ। ਕਿਉਂਕਿ ਇਨ੍ਹੀਂ ਦਿਨੀਂ ਕੜਾਕੇ ਦੀ ਗਰਮੀ ਨੇ ਸਭ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਇਸ ਵਾਰ ਮਾਨਸੂਨ ਜਲਦੀ ਦਸਤਕ ਦੇ ਸਕਦਾ ਹੈ। ਕਿਉਂਕਿ ਇਸ ਸਾਲ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ 2022 ਵਿੱਚ ਮਾਨਸੂਨ ਨੂੰ ਲੈ ਕੇ ਪੂਰਵ ਅਨੁਮਾਨ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਮਾਨਸੂਨ ਮਈ ਦੇ ਆਖਰੀ ਹਫਤੇ ਦਸਤਕ ਦੇ ਸਕਦਾ ਹੈ। ਇਸ ਵਾਰ 99 ਫੀਸਦੀ ਮਾਨਸੂਨ ਮੌਸਮੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਇਸ ਵਿੱਚ ਪੰਜ ਫੀਸਦੀ ਤੱਕ ਕਮੀ ਜਾਂ ਵਾਧਾ ਹੋ ਸਕਦਾ ਹੈ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੇਸ਼ ਭਰ ਵਿੱਚ ਮਾਨਸੂਨ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ।
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਦੇ ਹਾਲਾਤ ਠੀਕ ਰਹਿਣ ਦੀ ਸੰਭਾਵਨਾ ਹੈ। ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਸ ਵਾਰ ਪਿਛਲੇ ਸਾਲ ਨਾਲੋਂ ਵਧੀਆ ਮੀਂਹ ਪਵੇਗਾ। ਵਿਭਾਗ ਦਾ ਮੰਨਣਾ ਹੈ ਕਿ ਉੱਤਰੀ ਭਾਰਤ ਅਤੇ ਨਾਲ ਲੱਗਦੇ ਮੱਧ ਭਾਰਤ ਦੇ ਕਈ ਹਿੱਸਿਆਂ, ਹਿਮਾਲਿਆ ਦੇ ਪੈਰਾਂ ਦੀਆਂ ਪਹਾੜੀਆਂ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਆਮ ਵਾਂਗ ਰਿਹਾ ਸੀ। ਜੇਕਰ ਇਸ ਵਾਰ ਮਾਨਸੂਨ ਚੰਗਾ ਰਿਹਾ ਤਾਂ ਇਸ ਦਾ ਫ਼ਸਲਾਂ ਨੂੰ ਫਾਇਦਾ ਹੋਵੇਗਾ। ਮਾਨਸੂਨ ਦੇ ਸਬੰਧ ਵਿੱਚ ਮੌਸਮ ਵਿਭਾਗ ਕੇਂਦਰ ਚੰਡੀਗੜ੍ਹ ਨੇ ਇਹ ਅਨੁਮਾਨ 1971-2020 ਦੇ ਸਮੇਂ ਦੌਰਾਨ ਔਸਤਨ 87 ਸੈਂਟੀਮੀਟਰ ਦੇ ਆਧਾਰ ‘ਤੇ ਲਗਾਇਆ ਹੈ।
ਗਲੋਬਲ ਵਾਰਮਿੰਗ ਦਾ ਵੀ ਹੋਵੇਗਾ ਅਸਰ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿੱਥੇ ਇਸ ਵਾਰ ਮਾਨਸੂਨ ਦੇ ਚੰਗੇ ਰਹਿਣ ਦੀ ਸੰਭਾਵਨਾ ਹੈ, ਉੱਥੇ ਹੀ ਦੂਜੇ ਪਾਸੇ ਗਲੋਬਲ ਵਾਰਮਿੰਗ ਦਾ ਅਸਰ ਮਾਨਸੂਨ ‘ਤੇ ਵੀ ਪੈ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਾਨਸੂਨ ਸੀਜ਼ਨ ‘ਚ ਚੰਡੀਗੜ੍ਹ ‘ਚ ਘੱਟ ਬਾਰਿਸ਼ ਹੋ ਸਕਦੀ ਹੈ। ਵਿਭਾਗ ਦੇ ਅੰਕੜਿਆਂ ਅਨੁਸਾਰ 1971-2020 ਦੇ ਆਧਾਰ ‘ਤੇ ਦੱਖਣ-ਪੱਛਮੀ ਮਾਨਸੂਨ ਲਈ ਆਲ ਇੰਡੀਆ ਪੱਧਰ ‘ਤੇ ਆਮ ਵਰਖਾ 868.6 ਮਿਲੀਮੀਟਰ ਹੈ। ਇਸ ਤੋਂ ਪਹਿਲਾਂ 1961-2010 ਦੇ ਆਧਾਰ ‘ਤੇ ਇਹ 880.6 ਮਿ.ਮੀ. ਯਾਨੀ ਇੱਕ ਦਹਾਕੇ ਵਿੱਚ ਬਾਰਿਸ਼ ਵਿੱਚ 12 ਸੈਂਟੀਮੀਟਰ ਦਾ ਫਰਕ ਆਇਆ ਹੈ।