ਕੇਜਰੀਵਾਲ, ਸਮ੍ਰਿਤੀ ਇਰਾਨੀ ਸਣੇ ਇਹ ਆਗੂ ਵੀ ਕਰਨਗੇ ਪ੍ਰਚਾਰ
ਪਠਾਨਕੋਟ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ ‘ਚ ਅੱਜ ਦਾ ਦਿਨ ਬਹੁਤ ਹੀ ਰੁਝੇਵਿਆਂ ਵਾਲਾ ਹੋਵੇਗਾ। ਸੂਬੇ ‘ਚ ਵੋਟਾਂ ਪੈਣ ਤੋਂ ਚਾਰ ਦਿਨ ਪਹਿਲਾਂ ਅੱਜ ਵੀ ਚੋਣ ਮਾਹੌਲ ਗਰਮ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੋਵੇਂ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਪਠਾਨਕੋਟ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਫ਼ਿਰੋਜ਼ਪੁਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਪਹਿਲਾਂ ਜਲੰਧਰ ‘ਚ ਚੋਣ ਰੈਲੀ ਕਰ ਚੁੱਕੇ ਹਨ। ਦੋਵਾਂ ਰੈਲੀਆਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
PM ਮੋਦੀ ਦੁਪਹਿਰ 12 ਵਜੇ ਪਠਾਨਕੋਟ ‘ਚ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੀ ਥਾਂ ਅਤੇ ਆਸਪਾਸ ਦੇ ਇਲਾਕੇ ਵਿੱਚ ਸਵੇਰ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰੈਲੀ ਵਾਲੀ ਥਾਂ ਅਤੇ ਸ਼ਹਿਰ ਦੀਆਂ ਹੋਰ ਥਾਵਾਂ ‘ਤੇ ਪੁਲਿਸ ਅਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ।
ਇਸ ਦੇ ਨਾਲ ਹੀ ਅਮਿਤ ਸ਼ਾਹ ਸ਼ਾਮ 4 ਵਜੇ ਫਿਰੋਜ਼ਪੁਰ ‘ਚ ੜੈਲੀ ਕਰਨਗੇ। ਇਸ ਤੋਂ ਇਲਾਵਾ ਕੇਂਦਰੀ ਕੱਪੜਾ ਉਦਯੋਗ ਮੰਤਰੀ ਸਮ੍ਰਿਤੀ ਇਰਾਨੀ (Smriti Irani) ਬਠਿੰਡਾ, ਕਪੂਰਥਲਾ, ਫਗਵਾੜਾ ਤੇ ਜਲੰਧਰ ਪੱਛਮੀ ‘ਚ ਰੈਲੀਆਂ ਕਰਨਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਬਠਿੰਡਾ ਤੇ ਭਦੌੜ ‘ਚ ਚੋਣ ਪ੍ਰਚਾਰ ਕਰਨਗੇ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਜਲੰਧਰ ਵਿੱਚ ਰੋਡ ਸ਼ੋਅ ਕਰਨਗੇ।
ਪ੍ਰਧਾਨ ਮੰਤਰੀ ਸਵੇਰੇ 10.40 ਵਜੇ ਦਿੱਲੀ ਹਵਾਈ ਅੱਡੇ ਤੋਂ ਪਠਾਨਕੋਟ ਹਵਾਈ ਅੱਡੇ ਲਈ ਉਡਾਣ ਭਰਨਗੇ। ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਸਵੇਰੇ 11.50 ਵਜੇ ਪਠਾਨਕੋਟ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਉਥੋਂ ਸੜਕ ਮਾਰਗ ਰਾਹੀਂ ਪਠਾਨਕੋਟ-ਜਲੰਧਰ-ਜੰਮੂ ਹਾਈਵੇਅ ਦੇ ਨਾਲ ਲੱਗਦੇ ਪਿੰਡ ਭੜੋਲੀ ਕਲਾਂ ਸਥਿਤ 21 ਸਬ-ਏਰੀਆ ਗਰਾਊਂਡ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਦੁਪਹਿਰ 12 ਵਜੇ ਤੋਂ 12.40 ਵਜੇ ਤਕ ਪ੍ਰਧਾਨ ਮੰਤਰੀ ਦੀ ਚੋਣ ਰੈਲੀ ਹੋਵੇਗੀ।