ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੇ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੂਬਾ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ-ਸ਼ਾਹ ਦੀ ਜੋੜੀ ਜਨਤਾ ਦੇ ਪੈਸੇ ਦੋਵੇਂ ਹੱਥੀਂ ਆਪਣੇ ਚਹੇਤੇ ਵਪਾਰਕ ਅਦਾਰਿਆਂ ਨੂੰ ਲੁੱਟਾਂ ਰਹੀ ਹੈ ਕਿਉਂਕਿ ਕੇਂਦਰ ਵੱਲੋਂ ਟੈਕਸਟਾਈਲ ਖੇਤਰ ਲਈ ਜੂਨ 2016 ਵਿਚ 6 ਹਜ਼ਾਰ ਕਰੋੜ ਦਾ ਆਰਥਿਕ ਪੈਕੇਜ ਜਾਰੀ ਕੀਤਾ ਗਿਆ ਅਤੇ ਇਸ ਦੇ ਨਾਲ ਇਕ ਕਰੋੜ ਰੁਜ਼ਗਾਰ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ। ਇਸ ਦੇ ਨਾਲ ਹੀ ਅਗਸਤ 2019 ਵਿਚ ਇੰਡੀਅਨ ਐਕਸਪ੍ਰੈਸ ਵਿਚ ਟੈਕਸਟਾਈ ਮਿੱਲਜ਼ ਐਸੋਸ਼ੀਏਸ਼ਨ ਵੱਲੋਂ ਇਸ਼ਤਿਹਾਰ ਦਿੱਤਾ ਗਿਆ ਕਿ ਟੈਕਸਟਾਈਲ ਖੇਤਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨ ਕਾਰਨ ਰੁਜ਼ਗਾਰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਪੱਸ਼ਟ ਕਰੇ ਕਿ ਖੇਤੀ ਸੈਕਟਰ ਤੋਂ ਬਾਅਦ ਰੁਜ਼ਗਾਰ ਦੇਣ ਵਾਲਾ ਟੈਕਸਟਾਈਲ ਖੇਤਰ ਵਿਚ ਕਰੋੜਾਂ ਦਾ ਰੁਜ਼ਗਾਰ ਪੈਦਾ ਹੋਣ ਦੀ ਥਾਂ ਕਰੋਨਾ ਕਾਲ ਤੋਂ ਪਹਿਲਾ ਹੀ ਕਿਉਂ ਖਤਮ ਹੋ ਗਿਆ।
ਇਕੋਲਾਹਾ ਨੇ ਕਿਹਾ ਕਿ ਸਰਕਾਰ ਦੇ ਰੁਜ਼ਗਾਰ ਦੇਣ ਦੇ ਦਾਅਵੇ ਸਿਰਫ਼ ਅਖਬਾਰਾਂ ਤੇ ਮੀਡੀਆਂ ਵਿਚ ਹੀ ਸੀਮਤ ਹੋ ਕੇ ਰਹਿ ਗਏ ਜਦੋਂ ਕਿ ਸੱਚਾਈ ਇਹ ਹੈ ਕਿ ਸਰਕਾਰ ਪ੍ਰਾਈਵੇਟ ਖੇਤਰ ਵਿਚ ਰੁਜ਼ਗਾਰ ਦਾ ਕੋਈ ਟਾਰਗੇਟ ਫ਼ਿਕਸ ਨਹੀਂ ਕਰਦੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਟੈਕਸਟਾਈਲ ਖੇਤਰ ਦੇ ਕਾਮਿਆਂ ਲਈ ਠੋਸ ਆਰਥਿਕ ਨੀਤੀ ਬਣਾਏ ਤਾਂ ਜੋ ਉਦਯੋਗਿਕ ਖੇਤਰ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਆਰਥਿਕ ਲਾਭ ਮਿਲੇ ਅਤੇ ਟੈਕਸਟਾਈਲ ਖੇਤਰ ਵਿਚ ਰੁਜ਼ਗਾਰ ਦਾ ਟਾਰਗੇਟ ਵੀ ਫਿਕਸ ਕਰੇ ਤਾਂ ਜੋ ਇਸ ਖੇਤਰ ਵਿਚ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।