ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਹੁੰਚਣਗੇ ਮੋਦੀ ਅਤੇ ਸ਼ਾਹ

ਨਵੀਂ ਦਿੱਲੀ, ਮੀਡੀਆ ਬਿਊਰੋ:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਨੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 20 ਤੇ 21 ਅਪ੍ਰੈਲ ਨੂੰ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ਦੇ ਮੈਦਾਨ ’ਚ ਕਰਾਏ ਜਾਣ ਵਾਲੇ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਣਗੇ।

ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਅਗਵਾਈ ’ਚ ਕਾਰਜਕਾਰਨੀ ਦੀ ਬੈਠਕ ’ਚ ਤਿਆਰੀਆਂ ’ਤੇ ਚਰਚਾ ਹੋਈ। ਕਾਲਕਾ ਨੇ ਕਿਹਾ ਕਿ ਬੈਠਕ ’ਚ ਦੋ ਦਿਨਾ ਪ੍ਰੋਗਰਾਮ ’ਚ ਸਹਿਯੋਗ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜਿਹਡ਼ੀ ਹਰ ਸੰਭਵ ਸਹਿਯੋਗ ਦੇਵੇਗੀ। ਕਮੇਟੀ ’ਚ ਡੀਐੱਸਜੀਐੱਮਸੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇਪੀ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਜੁਆਇੰਟ ਸਕੱਤਰ ਜਸਮੇਨ ਸਿੰਘ ਨੋਨੀ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ ਭਾਟੀਆ ਤੇ ਚਾਰਟਰਡ ਅਕਾਊਂਟੈਂਟ ਗੁਰਮੀਤ ਸਿੰਘ ਭਾਟੀਆ ਸ਼ਾਮਲ ਹਨ।

ਪ੍ਰੋਗਰਾਮ ’ਚ 20 ਅਪ੍ਰੈਲ ਨੂੰ ਅਮਿਤ ਸ਼ਾਹ ਤੇ 21 ਅਪ੍ਰੈਲ ਨੂੰ ਨਰਿੰਦਰ ਮੋਦੀ ਸ਼ਾਮਲ ਹੋਣਗੇ। ਡੀਐੱਸਜੀਐੱਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪ੍ਰੋਗਰਾਮ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਪ੍ਰੋਗਰਾਮ ਦੇ ਪਹਿਲੇ ਦਿਨ 400 ਬੱਚੇ ਕੀਰਤਨ ਕਰਨਗੇ। ਉਸੇ ਦਿਨ ਲੇਜ਼ਰ ਸ਼ੋਅ ਵੀ ਹੋਵੇਗਾ। ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਕੀਰਤਨ ਦੀ ਤਿਆਰੀ ਕਰ ਰਹੇ ਹਨ। ਪ੍ਰੋਗਰਾਮ ਦੇ ਦੂਜੇ ਦਿਨ 400 ਰਾਗੀ ਜੱਥੇ ਕੀਰਤਨ ਕਰਨਗੇ। ਦੋ ਦਿਨਾ ਪ੍ਰੋਗਰਾਮ ਦੌਰਾਨ ਪ੍ਰਦਰਸ਼ਨੀ ਵੀ ਲੱਗੇਗੀ। ਸੰਗਤ ਨੂੰ ਗੁਰੂ ਸਾਹਿਬ ਨਾਲ ਸਬੰਧਤ ਨਿਸ਼ਾਨੀ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲੇਗਾ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਯਾਦਗਾਰ ਹੋਵੇਗਾ। ਇਸ ਨੂੰ ਲੈ ਕੇ ਸੰਗਤ ’ਚ ਉਤਸ਼ਾਹ ਹੈ। ਪ੍ਰੋਗਰਾਮ ਦੇ ਆਯੋਜਨ ਲਈ ਡੀਐੱਸਜੀਐੱਮਸੀ ਵੱਲੋਂ ਪਹਿਲਾਂ ਐਲਾਨਿਆ ਦਿੱਲੀ ਫ਼ਤਹਿ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।

Share This :

Leave a Reply