ਵਿਧਾਇਕ ਪਿੰਕੀ ਨੇ ਹਲਕੇ ਦੇ 5 ਪਿੰਡਾਂ ਨੂੰ ਦਿੱਤੇ ਡੇਢ ਕਰੋੜ ਰੁਪਏ ਦੇ ਚੈੱਕ

ਫਿਰੋਜ਼ਪੁਰ (ਮੀਡੀਆ ਬਿਊਰੋ) ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਹਲਕੇ ਦੇ 5 ਪਿੰਡਾਂ ਖਾਈ ਫੇਮੇ ਕੀ, ਖਾਈ, ਇੰਦਰਾ ਕਲੋਨੀ ਖਾਈ, ਗੋਬਿੰਦ ਨਗਰੀ ਅਤੇ ਮੀਰਾ ਸ਼ਾਹ ਨੂਰ ਦੇ ਸਰਪੰਚਾਂ ਨੂੰ 1.5 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਉਨ੍ਹਾਂ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਇਹ ਰਾਸ਼ੀ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ, ਗਲੀਆਂ ਵਿੱਚ ਇੰਟਰਲੋਕਿੰਗ ਟਾਈਲਾਂ ਲਗਵਾਉਣ, ਸੀਵਰੇਜ਼ ਸਿਸਟਮ, ਜਿੰਮਾਂ, ਪਾਰਕਾਂ ਆਦਿ ਬਣਵਾਉਣ ਤੇ ਖਰਚ ਕੀਤੀ ਜਾਵੇਗੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਰਪੰਚ ਇਹ ਰਾਸ਼ੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੀ ਨੁਹਾਰ ਬਦਲਣ ਤੇ ਹੀ ਖਰਚ ਕਰਨ।

ਉਨ੍ਹਾਂ ਕਿਹਾ ਕਿ ਮੇਰਾ ਦਿਲੀ ਕੋਸ਼ਿਸ਼ ਹੈ ਕਿ ਹਲਕੇ ਦੇ ਸਾਰੇ ਪਿੰਡਾਂ ਵਿੱਚ ਪੱਕੀਆਂ ਸੜਕਾਂ, ਪੀਣ ਵਾਲਾ ਪਾਣੀ ਅਤੇ ਪੱਕੀਆਂ ਨਾਲੀਆਂ ਆਦਿ ਪ੍ਰਬੰਧ ਹੋਣ ਤੇ ਮੇਰਾ ਹਲਕਾ ਵਿਕਾਸ ਪੱਖੋਂ ਕਿਸੇ ਵੀ ਪਾਸਿਓ ਪਿੱਛੇ ਨਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਸਿਸਟਮ ਦਾ ਨੈੱਟਵਰਕ ਮੁਹੱਈਆ ਕਰਵਾਉਣ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।

ਚੈੱਕ ਪ੍ਰਾਪਤ ਕਰਨ ਤੋਂ ਬਾਅਦ ਪਿੰਡਾਂ ਦੇ ਸਰਪੰਚਾਂ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਵਿਚ ਆਪ ਜੀ ਵੱਲੋਂ ਸ਼ਹਿਰ ਦੇ ਨਾਲ—ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਾਤਾਰ ਵਿਕਾਸ ਦੇ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਪੇਂਡੂ ਇਲਾਕਿਆਂ ਵਿਚ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਆ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਪਿੰਡਾਂ ਦੇ ਚੌਹਤਰਫਾ ਵਿਕਾਸ ਵਿਚ ਮਦਦ ਮਿਲੇਗੀ ਅਤੇ ਕਈ ਤਰ੍ਹਾਂ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸੁਖਵਿੰਦਰ ਸਿੰਘ ਅਟਾਰੀ, ਚੇਅਰਮੈਨ ਬਲਾਕ ਸੰਮਤੀ ਬਲਵੀਰ ਬਾਠ, ਚੇਅਰਮੈਨ ਪਲੈਨਿੰਗ ਬੋਰਡ ਮਾਸਟਰ ਗੁਲਜ਼ਾਰ ਸਿੰਘ, ਸਰਪੰਚ ਕੁਲਬੀਰ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਟਹਿਲ ਸਿੰਘ, ਸੁਖਰਾਜ ਸਿੰਘ ਸਾਬਕਾ ਸਰਪੰਚ, ਅਨੂਪ ਸਿੰਘ ਨੰਬਰਦਾਰ ਅਤੇ ਜਰਮਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ ਅਤੇ ਕਾਂਗਰਸੀ ਆਗੂ ਹਾਜ਼ਰ ਸਨ।

Share This :

Leave a Reply