ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇਥੋਂ ਦੇ ਬੱਸ ਸਟੈਂਡ ਵਿਖੇ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਦੇ ਨਵੀਨੀਕਰਨ ਅਤੇ ਅਮਲੋਹ ਰੋਡ ਸੜਕ ’ਤੇ ਲੱਗਣ ਜਾ ਰਹੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਰਦਿਆਂ ਕਿਹਾ ਕਿ ਸ਼ਹਿਰ ਨਿਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੱਸ ਸਟੈਂਡ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਬਹੁਤ ਮਾੜੀ ਸੀ, ਜਿਸ ਨੂੰ ਸੰਵਾਰਨ ਲਈ 373.34 ਲੱਖ ਰੁਪਏ ਖਰਚੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਖੰਨਾ-ਅਮਲੋਹ ਰੋਡ ਸੜ ਤੇ ਸਟਰੀਟ ਲਾਈਟਾਂ ਲਈ 43.44 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਇਸ ਮੌਕੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਨੇ ਵਿਧਾਇਕ ਕੋਟਲੀ ਦਾ ਸਨਮਾਨ ਕਰਦਿਆਂ ਕਿਹਾ ਕਿ ਖੰਨਾ ਸ਼ਹਿਰ ਦੇ ਬੱਸ ਅੱਡੇ ਦੀ ਹਾਲਤ ਬਹੁਤ ਖਸਤਾ ਸੀ, ਇਸ ਦੀ ਨਵੀਂ ਦਿਖ ਨਾਲ ਸਵਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਕੋਟਲੀ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਸ਼ਮਿੰਦਰ ਸਿੰਘ ਮਿੰਟੂ, ਜਤਿੰਦਰ ਪਾਠਕ, ਪੁਸ਼ਕਰਰਾਜ ਸਿੰਘ, ਸਤਨਾਮ ਸਿੰਘ ਸੋਨੀ, ਵਿਕਾਸ ਮਹਿਤਾ, ਡਾ. ਗੁਰਮੁੱਖ ਸਿੰਘ ਚਾਹਲ, ਅਮਿਤ ਤਿਵਾੜੀ, ਹਰਪ੍ਰੀਤ ਸਿੰਘ ਧੰਜਲ, ਗੁਰਮੀਤ ਨਾਗਪਾਲ, ਅਮਨ ਕਟਾਰੀਆ, ਭੁਪਿੰਦਰ ਸਿੰਘ ਸੌਂਦ, ਚਰਨਜੀਤ ਸਿੰਘ ਪਨੇਸਰ, ਹਰਜੀਤ ਸਿੰਘ ਖਰੇ, ਰਾਜ ਸਿੰਘ, ਗੁਰਚਰਨ ਸਿੰਘ, ਪ੍ਰਕਾਸ਼ ਚੰਦ ਧੀਮਾਨ, ਵਿਕਰਮਜੀਤ ਸਿੰਘ ਆਦਿ ਹਾਜ਼ਰ ਸਨ।