ਅੰਮ੍ਰਿਤਸਰ, ਮੀਡੀਆ ਬਿਊਰੋ:
ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੇ ਪੰਜ ਜੇਤੂ ਵਿਧਾਇਕਾਂ ਵਿੱਚੋ ਪਹਿਲੇ ਵਿਧਾਇਕ ਐਕਸ਼ਨ ਮੋਡ ਵਿਚ ਆਏ ਹਨ, ਜਿਨ੍ਹਾਂ ਨੇ ਵਿਧਾਇਕੀ ਵਜੋਂ ਸਹੁੰ ਚੁੱਕਣ ਤੋਂ ਐਨ ਇਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਵੇਰਕਾ ਮਿਲਕ ਪਲਾਂਟ ਵਿਖੇ ਅਚਨਚੇਤ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਜਿਥੇ ਐਂਟਰੀ ਦੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ, ਉੱਥੇ ਹੀ ਇੱਕ ਵਾਲਟਿੰਗ ਸੈਂਪਲਿੰਗ ਸਬੰਧੀ ਵੀ ਜਾਇਜ਼ਾ ਲਿਆ।
ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸੁਖਦੇਵ ਸਿੰਘ, ਇੰਚਾਰਜ ਪਰਚੇਸ ਅਮਰਦੀਪ ਸਿੰਘ, ਉਸ ਦੇ ਮੈਨੇਜਰ ਮਾਰਕੀਟਿੰਗ ਪ੍ਰੀਤਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਇੱਥੇ ਆਉਂਦੀਆਂ ਮੁਸ਼ਕਿਲਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਜੀਵਨਜੋਤ ਕੌਰ ਨੇ ਕਿਹਾ ਕਿ ਇੱਥੋਂ ਹੀ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ, ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਕੋਲ 75 ਤੋਂ 100ਦੇ ਕਰੀਬ ਬੂਥ ਅਲਾਟਮੈਂਟ ਪੈਂਡਿੰਗ ਹੈ, ਜੇਕਰ ਇਹ ਅਲਾਟਮੈਂਟ ਯੂਥ ਵਿੱਚ ਕੀਤੀ ਜਾਂਦੀ ਹੈ ਤਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਥੇ ਸਟਾਫ ਦੀ ਕਮੀ ਦੀ ਸਮੱਸਿਆ ਬਾਰੇ ਵੀ ਨੋਟ ਕੀਤਾ ਹੈ।
ਇਸ ਦੌਰਾਨ ਸਾਹਮਣੇ ਆਇਆ ਕਿ ਇੱਥੋਂ ਦੇ ਕਾਂਗਰਸੀ ਵਿਧਾਇਕ ਰਹੇ ਮੈਡਮ ਨਵਜੋਤ ਕੌਰ ਸਿੱਧੂ ਹੁਣ ਤੱਕ ਸਿਰਫ਼ ਇੱਕ ਵਾਰ ਹੀ ਇੱਥੇ ਪਹੁੰਚੇ ਸਨ ਜਦਕਿ ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਇੱਥੇ ਪਹੁੰਚ ਕੇ ਜਾਇਜ਼ਾ ਨਹੀਂ ਲਿਆ। ਜੀਵਨਜੋਤ ਕੌਰ ਨੇ ਇਹ ਵੀ ਕਿਹਾ ਕਿ ਸਿੱਧੂ ਜੋਡ਼ੇ ਦਾ ਅਜਿਹਾ ਅਵੇਸਲਾਪਣ ਵੀ ਕਿਤੇ ਨਾ ਕਿਤੇ ਉਨ੍ਹਾਂ ਦੀ ਹਾਰ ਦੇ ਪਿੱਛੇ ਦਾ ਕਾਰਨ ਹੈ। ਇਸ ਮੌਕੇ ਡਾ ਜੀਵਨਜੋਤ ਕੌਰ ਦੇ ਨਾਲ ਉਨ੍ਹਾਂ ਦੇ ਪ੍ਰਚਾਰ ਪ੍ਰਬੰਧਕ ਭਗਵੰਤ ਸਿੰਘ ਕੰਵਲ, ਡਾ ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ ਆਹਲੂਵਾਲੀਆ, ਸਾਹਿਬ ਸਿੰਘ ਪੰਨੂ, ਚੰਦਰਪਾਲ, ਜਸਕਰਨ ਸਿੰਘ, ਪਲਵਿੰਦਰ ਸਿੰਘ, ਮਨਮੋਹਨ ਸਿੰਘ ਜਿਲਾ ਸੰਯੁਕਤ ਸਕੱਤਰ ਯੂਥ ਵਿੰਗ ਆਦਿ ਵੀ ਹਾਜ਼ਰ ਸਨ।
ਇਸ ਤੋਂ ਤੁਰੰਤ ਬਾਅਦ ਐਮਐਲਏ ਜੀਵਨਜੋਤ ਕੌਰ ਵੇਰਕਾ ਦੇ ਸਰਕਾਰੀ ਹਸਪਤਾਲ ਅਤੇ ਵੇਰਕਾ ਥਾਣਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਹੁੰਚੇ।
ਸਰਕਾਰੀ ਹਸਪਤਾਲ ਦੇ ਅੰਦਰ ਵਿਧਾਇਕ ਡਾ ਜੀਵਨਜੋਤ ਕੌਰ ਦੇ ਪਹੁੰਚਦਿਆਂ ਹੀ ਹਸਪਤਾਲ ਦੇ ਸਟਾਫ ਵਿਚ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਐਸਐਮਓ ਡਾ. ਰਾਜ ਕੁਮਾਰ ਤੁਰੰਤ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਵਿਧਾਇਕ ਜੀਵਨਜੋਤ ਕੌਰ ਦੇ ਨਾਲ-ਨਾਲ ਹਸਪਤਾਲ ਦਾ ਜਾਇਜ਼ਾ ਲੈਣ ਲੱਗੇ। ਸਭ ਤੋਂ ਪਹਿਲਾਂ ਉਹ ਜਨਾਨਾ ਵਾਰਡ ਵਿੱਚ ਪਹੁੰਚੇ ਜਿੱਥੇ ਸਫ਼ਾਈ ਦੇ ਖਾਸ ਪ੍ਰਬੰਧ ਨਹੀਂ ਸਨ। ਮਰੀਜ਼ਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਦੇ ਸਟਾਫ ਵੱਲੋਂ ਵਿਛਾਈ ਲਈ ਬਿਸਤਰੇ, ਕੰਬਲ ਸਿਰਾਣੇ ਆਦਿ ਨਾ ਮਿਲਣ ਦੀ ਸ਼ਿਕਾਇਤ ਵੀ ਕੀਤੀ ਗਈ। ਇਸ ਗੱਲ ਤੇ ਵਿਧਾਇਕ ਜੀਵਨਜੋਤ ਕੌਰ ਵੱਲੋਂ ਹਸਪਤਾਲ ਦੇ ਸਟਾਫ ਨੂੰ ਝਾੜ ਵੀ ਪਾਈ ਗਈ ਜਿਸ ਤੋਂ ਤੁਰੰਤ ਬਾਅਦ ਕੁਝ ਮਰੀਜ਼ਾਂ ਨੂੰ ਸਿਰਹਾਣੇ ਅਤੇ ਬਿਸਤਰੇ ਆਦਿ ਮੁਹੱਈਆ ਕਰਵਾਏ ਗਏ। ਇੱਥੇ ਹੀ ਉਨ੍ਹਾਂ ਨੇ ਆਪ੍ਰੇਸ਼ਨ ਥਿਏਟਰ ਦੇ ਅੰਦਰ ਅਤੇ ਉਸਦੇ ਬਾਹਰ ਪਏ ਸਾਮਾਨ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਇੱਥੇ ਵੀ ਸਫਾਈ ਦੇ ਪ੍ਰਬੰਧਾਂ ਵਿੱਚ ਖਾਸੀ ਕਮੀ ਦੇਖੀ ਗਈ ਅਤੇ ਜਦੋਂ ਉਨ੍ਹਾਂ ਨੇ ਹਸਪਤਾਲ ਦੀ ਇੱਕ ਵਾਰਡ ਦੇ ਬਾਥਰੂਮਾਂ ਦੀ ਚੈਕਿੰਗ ਕੀਤੀ ਤਾਂ ਬਾਥਰੂਮਾਂ ਵਿਚ ਪਾਣੀ ਖੜਾ ਦੇਖ ਅਤੇ ਟਾਇਲਟਸ ਵਿਚ ਗੰਦਗੀ ਦੀ ਭਰਮਾਰ ਦੇ ਵਿਧਾਇਕ ਜੀਵਨਜੋਤ ਨੇ ਐਸਐਮਓ ਨੂੰ ਚੰਗੀ ਝਾੜ ਪਾਈ ਅਤੇ ਕਿਹਾ ਕਿ ਹੁਣ ਉਹ ਹਸਪਤਾਲ ਦੇ ਸਟਾਫ ਅਤੇ ਐਸਐਮਓ ਦੇ ਬਾਥਰੂਮਾਂ ਦੇ ਹਾਲਾਤ ਵੀ ਦੇਖਣਾ ਚਾਹੁਣਗੇ। ਇੱਥੇ ਡਾ ਰਾਜ ਕੁਮਾਰ ਵੱਲੋਂ ਵੀ ਦੱਸਿਆ ਗਿਆ ਕਿ ਉਨ੍ਹਾਂ ਦੇ ਕੋਲ ਸਫਾਈ ਸੇਵਕਾ, ਸਵੀਪਰਾਂ ਦੀ ਕਮੀ ਹੈ। ਅਖੀਰ ਤੇ ਐੱਸ ਐੱਮ ਓ ਡਾ ਰਾਜ ਕੁਮਾਰ ਵੇਰਕਾ ਵੱਲੋਂ ਵਿਧਾਇਕ ਜੀਵਨਜੋਤ ਕੌਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ, ਜਿਸ ‘ਤੇ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਕਿ ਤੁਸੀਂ ਜੇਕਰ ਹਸਪਤਾਲ ਵਿੱਚ ਜਨਤਾ ਲਈ ਪ੍ਰਬੰਧਾਂ ਵਿੱਚ ਸੁਧਾਰ ਕਰੋਗੇ ਤਾਂ ਉਹੀ ਉਨ੍ਹਾਂ ਲਈ ਸਭ ਤੋਂ ਵੱਡਾ ਸਨਮਾਨ ਹੋਵੇਗਾ।
ਨਿਜ਼ਾਮ ਬਦਲ ਚੁੱਕਾ ਹੁਣ ਰਿਸ਼ਵਤ ਵਾਲਾ ਕੋਈ ਕੇਸ ਸਾਹਮਣੇ ਨਾ ਆਵੇ : ਵਿਧਾਇਕ ਜੀਵਨਜੋਤ ਕੌਰ
ਹਸਪਤਾਲ ਦੀ ਅਚਨਚੇਤ ਚੈਕਿੰਗ ਤੋਂ ਬਾਅਦ ਵਿਧਾਇਕ ਜੀਵਨਜੋਤ ਕੌਰ ਥਾਣਾ ਵੇਰਕਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਅਫਸਰਾਂ ਦਾ ਹਾਲਚਾਲ ਜਾਣਿਆ ਅਤੇ ਕਿਹਾ ਕਿ ਹੁਣ ਨਿਜ਼ਾਮ ਬਦਲ ਚੁੱਕਾ ਹੈ ਅਤੇ ਉਨ੍ਹਾਂ ਦੀ ਬੇਨਤੀ ਹੈ ਕਿ ਹੁਣ ਰਿਸ਼ਵਤ ਵਾਲਾ ਕੋਈ ਕੇਸ ਸਾਹਮਣੇ ਨਹੀਂ ਆਉਣਾ ਚਾਹੀਦਾ। ਇੱਥੇ ਹੀ ਇਕ ਸ਼ਿਕਾਇਤਕਰਤਾ ਵੱਲੋਂ ਆਪਣੀ ਸ਼ਿਕਾਇਤ ਵਿਧਾਇਕ ਜੀਵਨਜੋਤ ਕੌਰ ਦੱਸੀ ਗਈ, ਜਿਸ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਲਗਪਗ ਦੋ ਮਹੀਨੇ ਤੋਂ ਥਾਣੇ ਚ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੇ ਨਾਲ ਪੁਲੀਸ ਵੱਲੋਂ ਗਲਤ ਸਲੂਕ ਕੀਤਾ ਜਾਂਦਾ ਹੈ, ਕਿਉਂਕਿ ਦੂਜੀ ਧਿਰ ਦੀ ਰਾਜਨੀਤਿਕ ਪੈਂਠ ਹੈ। ਜਿਸ ਤੇ ਜੀਵਨਜੋਤ ਕੌਰ ਨੇ ਮੌਕੇ ਤੇ ਮੁਲਾਜ਼ਮਾਂ ਨੂੰ ਝਾੜ ਪਾਈ ਅਤੇ ਕਿਹਾ ਕਿ ਪੁਲੀਸ ਸਾਡੇ ਹੱਕਾਂ ਦੀ ਰਾਖੀ ਹੁੰਦੀ ਹੈ ਅਤੇ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਪਬਲਿਕ ਦੇ ਨਾਲ ਵਰਤਣਾ ਨਿੰਦਣਯੋਗ ਹੈ। ਉਨ੍ਹਾਂ ਅਪੀਲ ਕੀਤੀ ਕਿ ਹੁਣ ਪੁਲੀਸ ਨੂੰ ਆਪਣੇ ਕੰਮ ਕਰਨ ਦਾ ਤਰੀਕਾ ਵਧੀਆ ਕਰਨਾ ਚਾਹੀਦਾ ਹੈ।