ਮਿਸੀਸਾਗਾ, (ਪੰਜਾਬੀ ਮੀਡੀਆ ਬਿਊਰੋ) : ਮਿਸੀਸਾਗਾ ਤੋਂ ਮਿਲਟਨ ਤੱਕ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਦੂਕਧਾਰੀ ਸ਼ਖਸ ਦੋ ਘੰਟੇ ਤੱਕ ਟਿਮ ਹੌਰਟਨਜ਼ ਵਿਖੇ ਮੌਜੂਦ ਰਿਹਾ ਅਤੇ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਐਂਡਰਿਊਂ ਹੌਂਗ ਦੀ ਹੱਤਿਆ ਮਗਰੋਂ ਇਥੋਂ ਰਵਾਨਾ ਹੋਇਆ। ਪੀਲ ਰੀਜਨਲ ਪੁਲਿਸ ਨੇ ਹਮਲਾਵਰ ਦੀ ਪਛਾਣ ਜਨਤਕ ਕਰਦਿਆਂ ਪੜਤਾਲ ਨਾਲ ਸਬੰਧਤ ਵੇਰਵੇ ਸਾਂਝੇ ਕੀਤੇ। ਪੁਲਿਸ ਨੇ ਇਹ ਵੀ ਦੱਸਿਆ ਕਿ ਗੋਲੀਬਾਰੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3 ਹੋ ਸਕਦੀ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ 40 ਸਾਲ ਦਾ ਸ਼ੌਨ ਪੀਟਰੀ ਦੁਪਹਿਰ ਹੋਣ ਤੋਂ ਪਹਿਲਾਂ ਹੀ ਰੈਸਟੋਰੈਂਟ ਵਿਚ ਪਹੁੰਚ ਗਿਆ ਅਤੇ ਪੁਲਿਸ ਅਫ਼ਸਰ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਸਵਾ ਦੋ ਘੰਟੇ ਉਡੀਕ ਕੀਤੀ। ਐਂਡਰਿਊ ਹੌਂਗ ਕੋਲ ਵੀ ਪਸਤੌਲ ਸੀ ਪਰ ਅਚਾਨਕ ਹੋਏ ਹਮਲੇ ਕਾਰਨ ਉਸ ਨੂੰ ਆਪਣੀ ਪਸਤੌਲ ਕੱਢਣ ਦਾ ਮੌਕਾ ਨਾ ਮਿਲ ਸਕਿਆ। ਰੈਸਟੋਰੈਂਟ ਵਿਚ ਹੌਂਗ ਦੇ ਕਤਲ ਮਗਰੋਂ ਸ਼ੱਕੀ ਨੇ ਸੜਕ ਪਾਰ ਕੀਤੀ ਅਤੇ ਪਾਰਕਿੰਗ ਲਾਟ ਵਿਚ ਦਾਖ਼ਲ ਦਾਖ਼ਲ ਹੁੰਦਿਆਂ ਇਕ ਕਾਰ ਖੋਹਣ ਦੇ ਯਤਨ ਦੌਰਾਨ ਡਰਾਈਵਰ ਨੂੰ ਗੋਲੀ ਮਾਰ ਦਿਤੀ। ਮਿਸੀਸਾਗਾ ਤੋਂ ਰਵਾਨਾ ਹੋਣ ਮਗਰੋਂ ਸ਼ੱਕੀ ਮਿਲਟਨ ਪਹੁੰਚ ਗਿਆ ਅਤੇ ਉਥੇ ਸ਼ਕੀਲ ਅਸ਼ਰਫ਼ ਸਣੇ ਕਈ ਹੋਰਨਾਂ ਨੂੰ ਗੋਲੀ ਮਾਰ ਦਿਤੀ।
2022-09-17